ਸ੍ਰੀ ਮੁਕਤਸਰ ਸਾਹਿਬ(ਅਸ਼ਰਫ਼ ਢੁੱਡੀ): 2000 ਦੇ ਨੋਟ ਬੰਦ ਕਰਨ ਨੂੰ ਲੈ ਕੇ ਕੇਂਦਰ ਸਰਕਾਰ ਇੱਕ ਵਾਰ ਮੁੜ ਤੋਂ ਵਿਰੋਧੀ ਧਿਰਾਂ ਦੇ ਨਿਸ਼ਾਨੇ ਉੱਤੇ ਆ ਗਈ ਹੈ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਕੇਂਦਰ ਸਰਕਾਰ ਦੀ ਜਮ ਕੇ ਮੁਖ਼ਾਲਫਤ ਕੀਤੀ ਹੈ।
ਪਹਿਲਾਂ ਨੋਟਬੰਦੀ ਕਰਕੇ ਲੋਕਾਂ ਦੀਆਂ ਜਾਨਾਂ ਲਈਆਂ ਤੇ...
ਰਾਜਾ ਵੜਿੰਗ ਨੇ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਨੇ ਨੋਟਬੰਦੀ ਕਰਕੇ ਲੋਕਾਂ ਦੀਆਂ ਜਾਨਾਂ ਲਈਆਂ। ਲੋਕਾਂ ਨੇ ਲੰਬੀਆਂ-ਲੰਬੀਆਂ ਲਾਈਨਾਂ ਵਿੱਚ ਖੜ੍ਹੇ ਹੋ ਕੇ ਆਪਣੇ ਨੋਟ ਬਦਲਾਏ, ਇਨ੍ਹਾਂ ਹੀ ਨਹੀਂ ਸਰਕਾਰ ਨੇ ਇਸ ਨੂੰ ਬਣਾਉਣ ਲਈ ਕਰੋੜਾਂ ਰੁਪਏ ਖ਼ਰਚ ਕੀਤੇ ਜਿਸ ਤੋਂ ਬਾਅਦ ਆਰਥਿਕ ਮੰਦੀ ਦਾ ਦੌਰ ਸ਼ੁਰੂ ਹੋਇਆ ਸੀ।
ਮੋਦੀ ਸਾਬ੍ਹ ਆਪਣੀ ਫੋਟੋ ਵਾਲਾ ਨੋਟ...
ਵੜਿੰਗ ਨੇ ਕਿਹਾ ਕਿ ਜਿਹੜੇ ਨੋਟਾਂ ਨੂੰ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ੋਰ ਲਾਇਆ ਹੁਣ ਉਸ ਨੋਟ ਨੂੰ ਹੀ ਬੰਦ ਕਰ ਦਿੱਤਾ ਹੈ। ਇਸ ਮੌਕੇ ਵੜਿੰਗ ਨੇ ਭਾਜਪਾ ਨੇ ਤੰਜ ਕਸਦਿਆਂ ਕਿਹਾ ਕਿ ਆਪਣੀ ਹਉਮੇ ਲਈ ਦੇਸ਼ ਦਾ ਨੁਕਸਾਨ ਨਹੀਂ ਕਰ ਸਕਦੇ। ਰਾਜਾ ਵੜਿੰਗ ਨੇ ਵਿਅੰਗ ਕਰਦਿਆਂ ਕਿਹਾ ਕਿ ਮੋਦੀ ਸਾਬ੍ਹ ਹੁਣ ਕੋਈ ਆਪਣੀ ਫੋਟੋ ਲਾ ਕੇ ਨਵਾਂ ਨੋਟ ਬਣਾ ਦੇਣਗੇ।
ਡਾਲਰ ਦੇ ਮੁਕਾਬਲੇ ਰੁਪਏ ਦੀ ਹਾਲਤ ਤਰਸਯੋਗ
ਦੇਸ਼ ਦੀ ਕਰੰਸੀ ਬਾਰੇ ਟਿੱਪਣੀ ਕਰਦਿਆਂ ਵੜਿੰਗ ਨੇ ਕਿਹਾ ਕਿ ਡਾਲਰ ਦੇ ਮੁਕਾਬਲੇ ਰੁਪਏ ਬੜਾ ਕਮਜ਼ੋਰ ਹੋ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਰਕਾਰ ਨਾਲ ਤੁਲਨਾ ਕਰਦਿਆਂ ਵੜਿੰਗ ਨੇ ਕਿ ਉਸ ਵੇਲੇ ਡਾਲਰ ਦੇ ਮੁਕਾਬਲੇ ਰੁਪਏ 45 ਰੁਪਏ ਉੱਤੇ ਸੀ ਤੇ ਅੱਜ 85 ਤੋਂ ਵੀ ਪਾਰ ਕਰ ਗਿਆ ਹੈ ਜੋ ਕਿ ਲਗਾਤਾਰ ਹੋਰ ਵੀ ਥੱਲੇ ਜਾ ਰਿਹਾ ਹੈ।
ਨਵੀਂ ਪਾਰਲੀਮੈਂਟ ਦਾ ਕੀ ਫ਼ਾਇਦਾ ਜੇ ਬੋਲਣ ਹੀ ਨਹੀਂ ਦੇਣਾ
ਇਸ ਮੌਕੇ ਨਵੀਂ ਪਾਰਲੀਮੈਂਟ ਬਾਬਤ ਕਿਹਾ ਕਿ ਕਰੋੜਾਂ ਰੁਪਏ ਖ਼ਰਚ ਕਰਕੇ ਨਵੀਂ ਪਾਰਲੀਮੈਂਟ ਬਣਾਈ ਗਈ ਹੈ ਪਰ ਉਸ ਵਿੱਚ ਕਿਸੇ ਨੂੰ ਬੋਲਣ ਦਾ ਅਧਿਕਾਰ ਹੀ ਨਹੀਂ ਹੈ। ਜਦੋਂ ਕਿ ਪਾਰਲੀਮੈਂਟ ਵਿੱਚ ਚੁਣੇ ਹੋਏ ਨੁਮਾਇੰਦਿਆ ਨੂੰ ਬੋਲਣ ਦਾ ਅਧਿਕਾਰ ਹੁੰਦਾ ਹੈ।
ਇਸ ਮੌਕੇ ਨਸ਼ੇ ਨਾਲ ਕਬੱਡੀ ਖਿਡਾਰੀ ਦੀ ਮੌਤ ਬਾਰੇ ਰਾਜਾ ਵੜਿੰਗ ਨੇ ਕਿਹਾ ਕਿ ਇਹ ਪੰਜਾਬ ਦਾ ਬਹੁਤ ਵੱਡਾ ਮੁੱਦਾ ਹੈ ਸਰਕਾਰ ਨੂੰ ਇਸ ਬਾਰੇ ਸੰਜੀਦਾ ਹੋਣਾ ਚਾਹੀਦਾ ਹੈ।