ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਹੈ ਕਿ ਮਾਨ ਸਾਹਿਬ ਰਹਿਮ ਕਰੋ ਗ਼ਰੀਬਾਂ 'ਤੇ, 5 ਕਿਲੋ ਰੇਤ ਦੀ FIR ਇੱਕ ਗ਼ਰੀਬ ਕਿਸਾਨ 'ਤੇ, ਅਤੇ ਪੰਜਾਬ ਭਰ ਵਿੱਚ ਚੱਲ ਰਹੀ ਕਈ ਸੌ ਕਰੋੜ ਦੀ ਨਾਜਾਇਜ਼ ਰੇਤ ਚੋਰੀ ਬਾਰੇ ਕੀ ਕਹਿਣਾ ਹੈ, ਨਾਲੇ ਕਿੱਥੇ ਹਨ ਕੇਜਰੀਵਾਲ ਜੀ ਦੇ 20 ਹਾਜ਼ਰ ਕਰੋੜ ਜੋ ਰੇਤੇ ਦੀ ਮਾਈਨਿੰਗ ਤੋਂ ਆਉਣੇ ਸਨ ?





ਦੱਸ ਦਈਏ ਕਿ ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਦੋਸ਼ 'ਚ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ 'ਚ ਪੰਜਾਬ ਪੁਲਿਸ ਦੀ ਕਾਰਵਾਈ ਖ਼ੂਬ ਸੁਰਖੀਆਂ 'ਚ ਹੈ। ਪੁਲਿਸ ਨੇ ਇੱਕ ਕਿਸਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ 5 ਕਿਲੋ ਰੇਤ, ਟੋਕਰੀ, ਕੈਸੇਟ ਤੇ 100 ਰੁਪਏ ਨਕਦ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਨੇ ਕਿਸਾਨ ਖ਼ਿਲਾਫ਼ ਨਾਜਾਇਜ਼ ਮਾਈਨਿੰਗ ਦਾ ਕੇਸ ਵੀ ਦਰਜ ਕਰ ਲਿਆ ਹੈ। ਹਾਲਾਂਕਿ ਕਿਸਾਨ ਦਾ ਕਹਿਣਾ ਹੈ ਕਿ ਉਹ ਆਪਣੀ ਜ਼ਮੀਨ ਨੂੰ ਪੱਧਰਾ ਕਰ ਰਿਹਾ ਸੀ। ਜੇਕਰ ਰੇਤ ਦੀ ਨਾਜਾਇਜ਼ ਮਾਈਨਿੰਗ ਹੁੰਦੀ ਹੈ ਤਾਂ ਟਿੱਪਰ ਤੇ ਟਰੈਕਟਰ ਟਰਾਲੀ ਮੌਕੇ 'ਤੇ ਮਿਲਣੇ ਚਾਹੀਦੀ ਸੀ।

ਪੁਲਿਸ ਅਨੁਸਾਰ ਪਿੰਡ ਮੋਹਰ ਸਿੰਘ ਵਾਲਾ ਦਾ ਕਿਸਾਨ ਕ੍ਰਿਸ਼ਨ ਸਿੰਘ ਆਪਣੇ ਖੇਤ ਵਿੱਚ ਰੇਤ ਦੀ ਨਾਜਾਇਜ਼ ਖੱਡ ਚਲਾ ਰਿਹਾ ਸੀ। ਜਦੋਂ ਪੁਲਿਸ ਨੇ ਉਥੇ ਛਾਪੇਮਾਰੀ ਕੀਤੀ ਤਾਂ ਰੇਤ ਚੁੱਕਣ ਵਾਲੀ ਟੋਕਰੀ, ਕੱਸੀ ਤੇ 5 ਕਿਲੋ ਰੇਤ ਬਰਾਮਦ ਹੋਈ। ਕ੍ਰਿਸ਼ਨ ਸਿੰਘ ਦੀ ਤਲਾਸ਼ੀ ਲੈਣ 'ਤੇ 100 ਰੁਪਏ ਦੀ ਨਕਦੀ ਵੀ ਮਿਲੀ। ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਨੇ ਕ੍ਰਿਸ਼ਨ ਸਿੰਘ ਖ਼ਿਲਾਫ਼ ਨਾਜਾਇਜ਼ ਮਾਈਨਿੰਗ ਦਾ ਕੇਸ ਦਰਜ ਕਰ ਲਿਆ ਹੈ।

ਉਧਰ, ਕਿਸਾਨ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਮੇਰੀ ਜਗ੍ਹਾ ਉੱਚੀ ਸੀ ਤੇ ਗੁਆਂਢੀ ਦੀ ਨੀਂਵੀ ਸੀ। ਇਸ ਕਾਰਨ ਮੈਂ ਉਥੋਂ ਲੈਵਲਿੰਗ ਲਈ ਰੇਤ ਚੁੱਕ ਲਈ। ਉੱਥੇ ਕੋਈ ਗੈਰ-ਕਾਨੂੰਨੀ ਮਾਈਨਿੰਗ ਨਹੀਂ ਹੋ ਰਹੀ ਸੀ। ਮੈਂ ਆਪਣੇ ਖੇਤ ਵਿੱਚ ਖੜ੍ਹਾ ਸੀ। ਮੈਂ ਪੁਲਿਸ ਨੂੰ ਵੀ ਦੱਸਿਆ ਪਰ ਉਹ ਮੈਨੂੰ ਫੜ ਕੇ ਲੈ ਗਏ। ਪੁਲਿਸ ਨੇ ਆਪਣੇ ਨੰਬਰ ਬਣਾਉਣ ਲਈ ਮੇਰੇ ਖਿਲਾਫ ਕਾਰਵਾਈ ਕੀਤੀ। ਮੇਰੇ 'ਤੇ ਨਾਜਾਇਜ਼ ਤੌਰ 'ਤੇ ਕਾਰਵਾਈ ਹੋਈ ਹੈ।