ਬਠਿੰਡਾ: ਲੋਕ ਸਭਾ ਚੋਣਾਂ ਵਿੱਚ ਉਮੀਦਵਾਰਾਂ 'ਤੇ ਵੋਟਰਾਂ ਦੇ ਸਵਾਲਾਂ ਦੀਆਂ ਬੁਛਾੜਾਂ ਜਾਰੀ ਹਨ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਬਾਦਲ ਤੇ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨੂੰ ਸਭ ਤੋਂ ਵੱਧ ਜਨਤਾ ਦੇ ਸਵਾਲਾਂ ਦੀ ਸਾਹਮਣਾ ਕਰਨਾ ਪੈ ਰਿਹਾ ਹੈ। ਉਮੀਦਵਾਰ ਇਨ੍ਹਾਂ ਸਵਾਲਾਂ ਤੋਂ ਇੰਨੇ ਖਫਾ ਹੋ ਗਏ ਹਨ ਕਿ ਉਨ੍ਹਾਂ ਨੇ ਆਪਣੇ ਹਮਾਇਤੀਆਂ ਨੂੰ ਪ੍ਰਸ਼ਨ ਪੁੱਛਣ ਵਾਲੇ ਨੂੰ ਸਬਕ ਸਿਖਾਉਣ ਦਾ ਇਸ਼ਾਰਾ ਵੀ ਕਰ ਦਿੱਤਾ ਹੈ।
ਸ਼ਨੀਵਾਰ ਨੂੰ ਪਿੰਡ ਕੋਲਿਆਂਵਾਲੀ ਵਿੱਚ ਰਾਜਾ ਵੜਿੰਗ ਨੂੰ ਸਵਾਲ ਪੁੱਛਣ ਤੋਂ ਤੈਸ਼ ਵਿੱਚ ਆਏ ਕਾਂਗਰਸੀਆਂ ਨੇ ਸ਼ਖਸ ਦੀ ਕੁੱਟਮਾਰ ਹੀ ਕਰ ਦਿੱਤੀ। ਬੇਸ਼ੱਕ ਰਾਜਾ ਵੜਿੰਗ ਨੇ ਇਲਜ਼ਾਮ ਲਾਇਆ ਕਿ ਸਵਾਲ ਕਰਨ ਵਾਲਾ ਅਕਾਲੀ ਦਲ ਦਾ ਬੰਦਾ ਸੀ ਪਰ ਕੁੱਟਮਾਰ ਕਰਨ ਕਰਕੇ ਉਨ੍ਹਾਂ ਦੀ ਖੂਬ ਅਲੋਚਨਾ ਹੋ ਰਹੀ ਹੈ। ਸਵਾਲ ਉੱਠ ਰਹੇ ਹਨ ਕਿ ਆਖਰ ਉਮੀਦਵਾਰ ਵੋਟਰਾਂ ਦੇ ਸਵਾਲਾਂ ਤੋਂ ਡਰ ਕਿਉਂ ਰਹੇ ਹਨ। ਉਨ੍ਹਾਂ ਕੋਲ ਜਨਤਾ ਦੇ ਸਵਾਲਾਂ ਦੇ ਜਵਾਬ ਕਿਉਂ ਨਹੀਂ।
ਦਰਅਸਲ ਕੈਪਟਨ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਗੁਟਕਾ ਹੱਥ ਵਿੱਚ ਫੜ ਕੇ ਚੁੱਕੀ ਸਹੁੰ ’ਤੇ ਅੰਮ੍ਰਿਤਧਾਰੀ ਸਹਾਇਕ ਪ੍ਰੋਫੈਸਰ ਨੇ ਰਾਜਾ ਵੜਿੰਗ ਨੂੰ ਤਿੱਖੇ ਸਵਾਲ ਕੀਤੇ। ਰਾਜਾ ਵੜਿੰਗ ਨੇ ਪਹਿਲਾਂ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਘਿਰਦੇ ਨਜ਼ਰ ਆਏ ਤਾਂ ਉਨ੍ਹਾਂ ਦੇ ਹਮਾਇਤੀ ਕੁੱਟਮਾਰ 'ਤੇ ਉੱਤਰ ਆਏ। ਰਾਜਾ ਵੜਿੰਗ ਵੱਲੋਂ ਸਵਾਲ ਪੁੱਛਣ ਵਾਲੇ ਨੂੰ ਜਥੇਦਾਰ ਕੋਲਿਆਂਵਾਲੀ ਦਾ ਬੰਦਾ ਕਰਾਰ ਦਿੱਤਾ ਹੈ।
ਹਾਸਲ ਜਾਣਕਾਰੀ ਮੁਤਾਬਕ ਸਵਾਲ ਕਰਨ ਵਾਲਾ ਗੁਰਜੀਤ ਸਿੰਘ ਗੀਤੂ ਵਾਸੀ ਕੋਲਿਆਂਵਾਲੀ, ਮਾਤਾ ਸਾਹਿਬ ਕੌਰ ਕਾਲਜ ਤਲਵੰਡੀ ਸਾਬੋ ’ਚ ਧਰਮ ਵਿਸ਼ੇ ਦਾ ਸਹਾਇਕ ਪ੍ਰੋਫੈਸਰ ਹੈ। ਗੁਰਜੀਤ ਸਿੰਘ ਨੇ ਮੋਬਾਈਲ ’ਤੇ ਵੀਡੀਓ ਆਨ ਕਰਕੇ ਵੜਿੰਗ ਨੂੰ ਪੁੱਛਿਆ ਕਿ ‘ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਬਾਰੇ ਝੂਠੀ ਸਹੁੰ ਖਾਧੀ ਸੀ, ਤੁਸੀਂ ਇਸ ਨੂੰ ਬੇਅਦਬੀ ਮੰਨਦੇ ਹੋ ਜਾਂ ਨਹੀਂ।’ ਇਸ ’ਤੇ ਰਾਜਾ ਵੜਿੰਗ ਨੇ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜ ਕੇ ਰੂੜੀਆਂ ’ਤੇ ਸੁੱਟਣਾ ਬੇਅਦਬੀ ਹੈ। ਗੁਟਕਾ ਸਾਹਿਬ ਨੂੰ ਮੱਥੇ ’ਤੇ ਲਾਉਣਾ ਬੇਅਦਬੀ ਨਹੀਂ। ਥੋੜ੍ਹਾ ਬਹੁਤ ਤਾਂ ਸੋਚੋ।
ਰਾਜਾ ਨੇ ਤਨਜ਼ ਕੱਸਦਿਆਂ ਆਖਿਆ ਕਿ ਤੁਸੀਂ ਬੜੇ ਤਕੜੇ ਸਿੱਖ ਹੋ?’ ਇਹ ਸਵਾਲ ਬਣਦਾ ਹੀ ਨਹੀਂ। ਇਸ ’ਤੇ ਗੁਰਜੀਤ ਨੇ ਆਖਿਆ ਕਿ 10ਵੀਂ ਪਾਤਸ਼ਾਹੀ ਨੇ 52 ਹੁਕਮ ਕੀਤੇ ਸਨ। ਉਨ੍ਹਾਂ ਆਖਿਆ ਸੀ,‘ਜੋ ਸਹੁੰ ਖਾਂਦਾ ਹੈ, ਉਹ ਮੇਰਾ ਸਿੱਖ ਨਹੀਂ ।’ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਖਾਧੀ ਹੈ। ਅਜਿਹੇ ’ਚ ਉਹ ਸਿੱਖ ਹਨ ਜਾਂ ਨਹੀਂ? ਰਾਜਾ ਵੜਿੰਗ ਨੇ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਤੁਸੀਂ ਅਮਰਿੰਦਰ ਸਿੰਘ ਤੋਂ ਵੱਡੇ ਸਿੱਖ ਨਹੀਂ। ਵੜਿੰਗ ਨੇ ਆਖਿਆ ਕਿ ਬਾਦਲਾਂ ਨੇ ਪਿਛਲੇ 25 ਸਾਲਾਂ ’ਚ ਲੋਕਾਂ ਦੀਆਂ ਰਗਾਂ ’ਚ ਨਸ਼ਾ ਪਾਇਆ ਉਸ ਨੂੰ ਕੱਢਣ ’ਤੇ ਸਮਾਂ ਤਾਂ ਲੱਗਣਾ ਹੋਇਆ।
ਹੁਣ ਸਿੱਧੇ ਸਵਾਲ ਪੁੱਛਣ ਵਾਲਿਆਂ ਨੂੰ ਕੁਟਾਪਾ ਚੜ੍ਹਾਉਣ ਲੱਗੇ ਉਮੀਦਵਾਰਾਂ ਦੇ ਹਮਾਇਤੀ
ਏਬੀਪੀ ਸਾਂਝਾ
Updated at:
05 May 2019 03:14 PM (IST)
ਲੋਕ ਸਭਾ ਚੋਣਾਂ ਵਿੱਚ ਉਮੀਦਵਾਰਾਂ 'ਤੇ ਵੋਟਰਾਂ ਦੇ ਸਵਾਲਾਂ ਦੀਆਂ ਬੁਛਾੜਾਂ ਜਾਰੀ ਹਨ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਬਾਦਲ ਤੇ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨੂੰ ਸਭ ਤੋਂ ਵੱਧ ਜਨਤਾ ਦੇ ਸਵਾਲਾਂ ਦੀ ਸਾਹਮਣਾ ਕਰਨਾ ਪੈ ਰਿਹਾ ਹੈ। ਉਮੀਦਵਾਰ ਇਨ੍ਹਾਂ ਸਵਾਲਾਂ ਤੋਂ ਇੰਨੇ ਖਫਾ ਹੋ ਗਏ ਹਨ ਕਿ ਉਨ੍ਹਾਂ ਨੇ ਆਪਣੇ ਹਮਾਇਤੀਆਂ ਨੂੰ ਪ੍ਰਸ਼ਨ ਪੁੱਛਣ ਵਾਲੇ ਨੂੰ ਸਬਕ ਸਿਖਾਉਣ ਦਾ ਇਸ਼ਾਰਾ ਵੀ ਕਰ ਦਿੱਤਾ ਹੈ।
- - - - - - - - - Advertisement - - - - - - - - -