ਫਿਰੋਜ਼ਪੁਰ: ਨਸ਼ਾ ਤਸਕਰੀ ਦੇ ਮਾਮਲੇ 'ਚ ਫਿਰੋਜ਼ਪੁਰ ਪਹੁੰਚੀ ਰਾਜਸਥਾਨ ਪੁਲਿਸ ਨੇ ਗੋਲੀ ਚਲਾ ਦਿੱਤੀ। ਇਸ ਵਿੱਚ ਜਰਨੈਲ ਸਿੰਘ ਨਾਮੀ ਵਿਅਕਤੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਇਹ ਘਟਨਾ ਲੰਘੀ ਰਾਤ ਦੀ ਹੈ। ਜ਼ਖ਼ਮੀ ਨੌਜਵਾਨ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਂਝ ਜ਼ਖ਼ਮੀ ਨੌਜਵਾਨ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਪੁਲਿਸ ਮੁਤਾਬਕ ਇਹ ਨੌਜਵਾਨ ਨਸ਼ਾ ਤਸਕਰ ਨੂੰ ਭਜਾਉਣ ਵਿੱਚ ਮਦਦ ਕਰ ਰਿਹਾ ਸੀ। ਇਸ ਦੌਰਾਨ ਪੁਲਿਸ ਦੀ ਗੋਲੀ ਉਸ ਦੇ ਵੱਜੀ।
ਦੱਸ ਦਈਏ ਕਿ ਲੰਘੀ ਰਾਤ ਰਾਜਸਥਾਨ ਤੋਂ ਐਸਟੀਐਫ਼ ਦੀ ਟੀਮ ਚਾਰ ਕਿਲੋ ਹੈਰੋਇਨ ਦੇ ਮਾਮਲੇ ਵਿੱਚ ਅੰਗਰੇਜ਼ ਸਿੰਘ ਨਾਮੀ ਸ਼ਖਸ ਨੂੰ ਫੜਨ ਫ਼ਿਰੋਜ਼ਪੁਰ ਪਹੁੰਚੀ। ਇਸ ਟੀਮ ਨਾਲ ਥਾਣਾ ਛਾਉਣੀ ਦੀ ਪੁਲਿਸ ਵੀ ਮੌਜੂਦ ਸੀ। ਸਾਂਝੇ ਅਪਰੇਸ਼ਨ ਦੌਰਾਨ ਪੁਲਿਸ ਨੇ ਜਦੋਂ ਨਸ਼ਾ ਤਸਕਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਪੁਲਿਸ ਨੂੰ ਦੇਖ ਕੇ ਭੱਜ ਗਿਆ।
ਇਸ ਦੌਰਾਨ ਉਸ ਦੇ ਸਾਥੀ ਜਰਨੈਲ ਸਿੰਘ ਨੇ ਉਸ ਦੀ ਮਦਦ ਕੀਤੀ। ਪੁਲਿਸ ਨੇ ਗੋਲੀ ਚਲਾ ਦਿੱਤੀ ਜਿਸ ਦੌਰਾਨ ਜਰਨੈਲ ਸਿੰਘ ਦੇ ਗੋਲੀ ਲੱਗਣ ਨਾਲ ਉਹ ਜ਼ਖ਼ਮੀ ਹੋ ਗਿਆ। ਪੁਲਿਸ ਨੇ ਇੱਕ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਜਿਸ ਦਾ ਅਜੇ ਖੁਲਾਸਾ ਨਹੀਂ ਕੀਤਾ ਗਿਆ।
ਜਰਨੈਲ ਸਿੰਘ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਾਇਆ ਹੈ ਕਿ ਪੁਲਿਸ ਨੇ ਬਿਨਾਂ ਕਿਸੇ ਕਾਰਨ ਫਾਇਰਿੰਗ ਕੀਤੀ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜ਼ਖਮੀ ਨੌਜਵਾਨ ਨੇ ਕਿਹਾ ਕਿ ਉਸ ਨੂੰ ਕਿਸੇ ਵੀ ਗੱਲ ਦਾ ਪਤਾ ਨਹੀਂ। ਉਸ ਨੇ ਦੱਸਿਆ ਕਿ ਉਹ ਕਾਰ 'ਤੇ ਆਪਣੇ ਦੋਸਤ ਨਾਲ ਜਾ ਰਿਹਾ ਸੀ ਤੇ ਜਦੋਂ ਉਹ ਬਾਬਾ ਸ਼ੇਰ ਸ਼ਾਹ ਵਲੀ ਵਾਲਾ ਚੌਕ ਕੋਲ ਪਹੁੰਚੇ ਤਾਂ ਰਾਜਸਥਾਨ ਪੁਲਿਸ ਨੇ ਉਨ੍ਹਾਂ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :