ਅੰਮ੍ਰਿਤਸਰ: ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਅਟਾਰੀ ਪਹੁੰਚ ਕੇ ਬੀਐਸਐਫ਼ ਦੇ ਜਵਾਨਾਂ ਲਈ ਬਣਾਏ ਜਾ ਰਹੇ ਰਿਹਾਇਸ਼ੀ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਰਾਜਨਾਥ ਸਿੰਘ ਦਾ ਸਵਾਗਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵੀ ਪੁੱਜੇ।

ਰਾਜਨਾਥ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ ਸੀ ਕਿ ਦੇਸ਼ ਦੇ ਜਿੰਨੇ ਵੀ ਇੰਟੈਗ੍ਰੇਟਡ ਚੈੱਕ ਪੋਸਟ ਹਨ, ਉਨ੍ਹਾਂ ਉੱਪਰ ਡਿਊਟੀ ਦੇਣ ਵਾਲੇ ਸੁਰੱਖਿਆ ਫੋਰਸ ਦੇ ਜਵਾਨਾਂ ਲਈ ਰਿਹਾਇਸ਼ੀ ਕੰਪਲੈਕਸ ਬਣਾਏ ਜਾਣਗੇ। ਇਸ ਨਾਲ ਉਨ੍ਹਾਂ ਦੇ ਪਰਿਵਾਰ ਵੀ ਉਨ੍ਹਾਂ ਦੇ ਕੋਲ ਰਹਿ ਸਕਣਗੇ ਤੇ ਉਨ੍ਹਾਂ ਦਾ ਮਨੋਬਲ ਵੀ ਬਣਿਆ ਰਹੇਗਾ।

ਉਨ੍ਹਾਂ ਕਿਹਾ ਕਿ ਜਵਾਨਾਂ ਦੇ ਪਰਿਵਾਰ ਉਨ੍ਹਾਂ ਦੇ ਨੇੜੇ ਹੋਣਗੇ ਤਾਂ ਉਹ ਲਗਣ ਨਾਲ ਡਿਊਟੀ ਕਰ ਸਕਣਗੇ। ਰਾਜਨਾਥ ਸਿੰਘ ਨੇ ਭਾਰਤੀ ਸੈਨਾ ਦੇ ਜਵਾਨਾਂ ਦੀ ਰੱਜ ਕੇ ਸਿਫ਼ਤ ਕਰਦਿਆਂ ਕਿਹਾ ਕਿ ਸੁਰੱਖਿਆ ਫੋਰਸ ਲਈ ਕੰਮ ਕਰਨ ਵਾਲੇ ਜਵਾਨਾਂ ਦਾ ਕੰਮ ਬਹੁਤ ਔਖਾ ਹੁੰਦਾ ਹੈ ਤੇ ਉਹ ਇਸ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ।

ਰਾਜਨਾਥ ਸਿੰਘ ਨੇ ਕਿਹਾ ਕਿ ਅਟਾਰੀ ਵਿਖੇ ਚੱਲ ਰਹੇ ਇੰਟੈਗ੍ਰੇਟਿਡ ਚੈੱਕ ਪੋਸਟ ਦੇਸ਼ ਦੀਆਂ ਦੂਸਰੀਆਂ ਉਸਾਰੀਆਂ ਜਾ ਰਹੀਆਂ ਚੈੱਕ ਪੋਸਟਾਂ ਲਈ ਪ੍ਰੇਰਨਾ ਦਾ ਸਰੋਤ ਹੈ। ਉਨ੍ਹਾਂ ਨੇ ਪਾਕਿਸਤਾਨ ਦਾ ਨਾਮ ਲਏ ਬਗੈਰ ਕਿਹਾ ਕਿ ਸਿਰਫ ਇਸ ਗੁਆਂਢੀ ਮੁਲਕ ਨਾਲ ਹੀ ਨਹੀਂ ਬਾਕੀ ਦੂਸਰੇ ਦੇਸ਼ਾਂ ਨਾਲ ਵੀ ਵਪਾਰ ਵਧਣਾ ਚਾਹੀਦਾ ਹੈ।