ਰਾਜੋਆਣਾ ਨੂੰ ਜਥੇਦਾਰ ਬਣਾਉਣ ਦੀ ਚਰਚਾ ਦਾ ਪਿਆ ਭੋਗ
ਏਬੀਪੀ ਸਾਂਝਾ | 23 Aug 2018 05:07 PM (IST)
ਚੰਡੀਗੜ੍ਹ: ਮੀਡੀਆ ਵਿੱਚ ਚਰਚਾ ਹੈ ਕਿ ਮਰਹੂਮ ਬੇਅੰਤ ਸਿੰਘ ਹੱਤਿਆ ਕਾਂਡ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਥਾਪਿਆ ਜਾ ਸਕਦਾ ਹੈ। ਚਰਚਾ ਹੈ ਕਿ ਸ਼੍ਰੋਮਣੀ ਕਮੇਟੀ ਜ਼ਰੀਏ ਸ਼੍ਰੋਮਣੀ ਅਕਾਲੀ ਦਲ ਅਜਿਹਾ ਫੈਸਲਾ ਕਰਵਾ ਕੇ ਪੰਥਕ ਹਲਕਿਆਂ ਵਿੱਚ ਆਪਣੀ ਭੱਲ ਮੁੜ ਬਣਾਉਣਾ ਚਾਹੁੰਦਾ ਹੈ। ਇਸ ਤੋਂ ਇਲਾਵਾ ਰਾਜੋਆਣਾ ਨੂੰ ਜਥੇਦਾਰ ਥਾਪ ਕੇ ਉਸ ਦੀ ਸਜ਼ਾ ਮੁਆਫੀ ਦਾ ਰਾਹ ਵੀ ਪੱਧਰਾ ਹੋ ਜਾਏਗਾ। ਦੂਜੇ ਪਾਸੇ ਰਾਜੋਆਣਾ ਦੀ ਭੈਣ ਨੇ ਇਨ੍ਹਾਂ ਸਾਰੀਆਂ ਖਬਰਾਂ ਨੂੰ ਝੂਠਾ ਦੱਸਿਆ ਹੈ। ਉਨ੍ਹਾਂ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਅਖ਼ਬਾਰਾਂ ਤੇ ਸ਼ੋਸਲ ਮੀਡੀਆ 'ਤੇ ਰਾਜੋਆਣਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਾਉਣ ਦੀ ਚਰਚਾ ਬਿੱਲਕੁਲ ਨਿਰਅਧਾਰ ਹੈ। ਉਨ੍ਹਾਂ ਕਿਹਾ ਕਿ ਏਜੰਸੀਆਂ ਤੇ ਉਨ੍ਹਾਂ ਦੇ ਕਰਿੰਦਿਆਂ ਵੱਲੋਂ ਜਾਣਬੁੱਝ ਕੇ ਇਸ ਤਰ੍ਹਾਂ ਦਾ ਗੁਮਰਾਹਕੁਨ ਤੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 20 ਅਗਸਤ ਨੂੰ ਤਿੰਨ ਤਖ਼ਤਾਂ ਦੇ ਸਿੰਘ ਸਾਹਿਬਾਨ ਨਾਲ ਰਾਜੋਆਣਾ ਦੀ ਮੁਲਾਕਾਤ ਵੇਲੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ। ਦਰਅਸਲ ਮੀਡੀਆ ਵਿੱਚ ਇਹ ਚਰਚਾ ਹੈ ਕਿ ਬਲਵੰਤ ਸਿੰਘ ਰਾਜੋਆਣਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਥਾਪਣ ਦੀ ਚਰਚਾ ਚੱਲ਼ ਰਹੀ ਹੈ। ਇਸ ਲਈ ਹੀ 20 ਅਗਸਤ ਨੂੰ ਤਿੰਨ ਤਖ਼ਤਾਂ ਦੇ ਸਿੰਘ ਸਾਹਿਬਾਨ ਵੱਲ਼ੋਂ ਰਾਜੋਆਣਾ ਨਾਲ ਮੁਲਾਕਾਤ ਕੀਤੀ ਗਈ ਸੀ।