ਚੰਡੀਗੜ੍ਹ: ਰਾਜ ਸਭਾ ਦੇ ਮਾਰਸ਼ਲ ਦੀ ਵਰਦੀ ਬਦਲਣ 'ਤੇ ਫੌਜ ਖੁਸ਼ ਨਹੀਂ ਹੈ। ਸਾਬਕਾ ਫੌਜ ਮੁਖੀ ਜਨਰਲ ਵੀਪੀ ਮਲਿਕ ਨੇ ਵੀ ਇਸ 'ਤੇ ਸਖ਼ਤ ਨਾਰਾਜ਼ਗੀ ਜਤਾਈ ਹੈ। ਜਨਰਲ ਮਲਿਕ ਨੇ ਕਿਹਾ ਕਿ ਫੌਜ ਵਿੱਚ ਇਸ ਤਰ੍ਹਾਂ ਦੀ ਵਰਦੀ ਇੱਕ ਅਫ਼ਸਰ ਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਅਫ਼ਸਰ ਅਜਿਹੀ ਵਰਦੀ ਪਾਉਂਦੇ ਹਨ।


ਮਲਿਕ ਨੇ ਕਿਹਾ ਕਿ ਰਾਜ ਸਭਾ ਤੇ ਆਰਮੀ ਦੀ ਪਰੰਪਰਾ ਦਾ ਰਲੇਵਾਂ ਨਹੀਂ ਕਰਨਾ ਚਾਹੀਦਾ। ਦੇਖਣ 'ਤੇ ਕੋਈ ਅੰਦਾਜ਼ਾ ਨਹੀਂ ਲਾ ਸਕੇਗਾ ਕਿ ਸਾਹਮਣੇ ਵਰਦੀ ਵਿੱਚ ਖੜ੍ਹਾ ਬੰਦਾ ਰਾਜ ਸਭਾ ਦਾ ਮਾਰਸ਼ਲ ਹੈ ਜਾਂ ਫੌਜ ਦਾ ਕੋਈ ਅਫ਼ਸਰ ਹੈ।


ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਰਾਜ ਸਭਾ ਦੀ ਸੁਰੱਖਿਆ 'ਤੇ ਵੀ ਅਸਰ ਪੈ ਸਕਦਾ ਹੈ। ਸੁਰੱਖਿਆ ਕਰਮੀ ਕਿਵੇਂ ਪਛਾਣ ਪਾਉਣਗੇ ਕਿ ਅੰਦਰ ਜਾਣ ਵਾਲਾ ਵਰਦੀਧਾਰੀ ਰਾਜ ਸਭਾ ਦਾ ਮਾਰਸ਼ਲ ਹੈ ਜਾਂ ਭਾਰਤੀ ਫੌਜ ਦਾ ਕੋਈ ਅਫ਼ਸਰ।


ਉਨ੍ਹਾਂ ਕਿਹਾ ਕਿ ਫੌਜ, ਨੇਵੀ ਤੇ ਹਵਾਈ ਸੈਨਾ ਦੀ ਆਪਣੀ ਪਰੰਪਰਾ ਤੇ ਪ੍ਰੋਟੋਕੋਲ ਹੁੰਦੇ ਹਨ ਜਿਨ੍ਹਾਂ ਮੁਤਾਬਕ ਹੀ ਉਨ੍ਹਾਂ ਨੂੰ ਵਰਦੀ ਦਿੱਤੀ ਜਾਂਦੀ ਹੈ, ਪਰ ਰਾਜ ਸਭਾ ਨੂੰ ਆਪਣੇ ਰੀਤੀ-ਰਿਵਾਜ਼ਾਂ ਦਾ ਭਾਰਤੀ ਫੌਜ ਨਾਲ ਰਲੇਵਾਂ ਨਹੀਂ ਕਰਨਾ ਚਾਹੀਦਾ।