ਫਿਰੋਜ਼ਪੁਰ : ਫਿਰੋਜ਼ਪੁਰ ਦੇ ਕਸਬਾ ਗੁਰੂਹਰਸਹਾਏ ਦੇ ਕ੍ਰਿਸ਼ਨਾ ਚੌਕ ਵਿਖੇ ਰਾਮ ਲੀਲਾ ਨੂੰ ਲੈ ਕੇ ਦੋ ਗੁੱਟਾਂ ਵਿਚਾਲੇ ਝੜਪ ਹੋ ਗਈ ਹੈ। ਦੋਵਾਂ ਧੜਿਆਂ ਦੇ ਲੋਕਾਂ ਨੇ ਇੱਕ ਦੂਜੇ ’ਤੇ ਕੁਰਸੀਆਂ ਨਾਲ ਹਮਲਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਅੱਜ ਸਵੇਰੇ ਖੰਨਾ 'ਚ ਦੋ ਥਾਵਾਂ ਉਪਰ ਦੁਸਹਿਰਾ ਮਨਾਉਣ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ। ਪ੍ਰਸ਼ਾਸਨ ਨੇ ਦੁਸਹਿਰੇ ਤੋਂ ਇੱਕ ਦਿਨ ਪਹਿਲਾਂ ਵੱਖਰੀ ਕਮੇਟੀ ਦੇ ਦੁਸਹਿਰਾ ਮਨਾਉਣ ਉਪਰ ਮੁਕੰਮਲ ਪਾਬੰਦੀ ਲਾ ਦਿੱਤੀ ਹੈ। ਇੱਥੋਂ ਤੱਕ ਕਿ ਕਮੇਟੀ ਨੂੰ ਦੁਸਹਿਰਾ ਮਨਾਉਣ ਵਾਲੀ ਥਾਂ ਉਪਰ ਰਾਵਣ, ਮੇਘਨਾਥ, ਕੁੰਭਕਰਨ ਦੇ ਪੁਤਲੇ ਲਾਉਣ ਤੋਂ ਰੋਕ ਦਿੱਤਾ ਗਿਆ।

 

ਦੱਸ ਦਈਏ ਕਿ ਕਮੇਟੀ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਸਨ। ਕਲਾਕਾਰ ਵੀ ਸੱਦੇ ਹੋਏ ਹਨ। ਹੁਣ ਮਨਜੂਰੀ ਨਾ ਮਿਲਣ ਕਰਕੇ ਉਨ੍ਹਾਂ ਵੱਲੋਂ ਦੁਸਹਿਰਾ ਮਨਾਉਣ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ ਹੋ ਰਹੀ। ਕਾਂਗਰਸ ਪੱਖੀ ਇਸ ਕਮੇਟੀ ਦੇ ਮੈਂਬਰਾਂ ਨੇ ਧੱਕੇਸ਼ਾਹੀ ਦੇ ਦੋਸ਼ ਲਾਏ। ਉੱਥੇ ਹੀ ਦੂਜੇ ਪਾਸੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਦੋਵੇਂ ਕਮੇਟੀਆਂ ਨੂੰ ਇੱਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇੱਥੇ ਈਗੋ ਦੀ ਲੜਾਈ ਚੱਲ ਰਹੀ ਹੈ।  


ਖੰਨਾ ਵਿੱਚ ਦੁਸਹਿਰਾ ਕਈ ਸਾਲਾਂ ਤੋਂ ਮਿਲਟਰੀ ਗਰਾਉਂਡ ਵਿਖੇ ਮਨਾਇਆ ਜਾਂਦਾ ਹੈ। ਇਸ ਵਾਰ ਦੋ ਥਾਵਾਂ ਉਪਰ ਦੁਸਹਿਰਾ ਮਨਾਉਣ ਲਈ ਵੱਖ-ਵੱਖ ਕਮੇਟੀਆਂ ਬਣ ਗਈਆਂ। ਖੰਨਾ ਦੇ ਲਲਹੇੜੀ ਰੋਡ ਰੇਲਵੇ ਲਾਈਨਾਂ ਪਾਰ ਇਲਾਕੇ ਵਿੱਚ ਦੁਸਹਿਰਾ ਮਨਾਉਣ ਦੀਆਂ ਤਿਆਰੀਆਂ ਮੁਕੰਮਲ ਕਰਨ ਵਾਲੀ ਕਮੇਟੀ ਪ੍ਰਧਾਨ ਵਿਕਾਸ ਮਿੱਤਲ ਨੇ ਕਿਹਾ ਕਿ ਪਹਿਲਾਂ ਤਾਂ ਉਨ੍ਹਾਂ ਨੂੰ ਮਨਜੂਰੀ ਦੇ ਦਿੱਤੀ ਗਈ। ਹੁਣ ਇੱਕ ਦਿਨ ਪਹਿਲਾਂ ਜਦੋਂ ਉਹ ਸਾਮਾਨ ਲੈ ਕੇ ਆਏ ਤਾਂ ਪੁਲਿਸ ਨੇ ਰੋਕ ਦਿੱਤਾ। ਜਿੱਥੇ ਉਨ੍ਹਾਂ ਨੇ ਦੁਸਹਿਰਾ ਮਨਾਉਣਾ ਹੈ, ਉੱਥੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਜਦਕਿ ਉਨ੍ਹਾਂ ਨੇ ਪੁਤਲੇ ਬਣਾ ਲਏ ਹਨ ਤੇ ਕਲਾਕਾਰ ਵੀ ਬੁਕ ਕੀਤਾ ਹੋਇਆ ਹੈ।

ਦੱਸ ਦੇਈਏ ਕਿ ਬਾਗੇਸ਼ਵਰ 'ਚ ਵੀ ਰਾਮਲੀਲਾ ਦੇਖਣ ਆਏ ਨੌਜਵਾਨਾਂ ਦੇ ਦੋ ਗੁੱਟਾਂ ਵਿਚਾਲੇ ਝੜਪ ਹੋ ਗਈ। ਤਿੰਨ ਨੌਜਵਾਨਾਂ ਦੇ ਸਿਰ ਪਾੜ ਦਿੱਤੇ। ਹਸਪਤਾਲ ਵਿੱਚ ਦਾਖ਼ਲ ਨੌਜਵਾਨਾਂ ਦੀ ਫਿਰ ਲਾਠੀਆਂ ਨਾਲ ਕੁੱਟਮਾਰ ਕੀਤੀ ਗਈ। ਇਹ ਹਰਕਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਹਿਰ ਵਿੱਚ ਕਾਨੂੰਨ ਵਿਵਸਥਾ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ।