ਸ਼ੰਕਰ ਦਾਸ ਦੀ ਰਿਪੋਰਟ


ਚੰਡੀਗੜ੍ਹ: ਜੇਲ੍ਹ 'ਚ ਬੰਦ ਡੇਰਾ ਸਿਰਸਾ ਮੁਖੀ ਰਾਮ ਰਹੀਮ ਨਕਲੀ ਹੈ। ਅਸਲੀ ਨੂੰ ਰਾਜਸਥਾਨ ਦੇ ਉਦੈਪੁਰ ਤੋਂ ਕਿਡਨੈਪ ਕੀਤਾ ਗਿਆ ਹੈ, ਇਹ ਦਾਅਵਾ ਚੰਡੀਗੜ੍ਹ ਦੇ ਰਹਿਣ ਵਾਲੇ ਡੇਰੇ ਦੇ ਸ਼ਰਧਾਲੂ ਅਸ਼ੋਕ ਕੁਮਾਰ ਤੇ ਕੁਝ ਹੋਰਾਂ ਨੇ ਕੀਤਾ ਹੈ। ਉਨ੍ਹਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਇਸ 'ਚ ਉਨ੍ਹਾਂ ਨੇ ਜੇਲ ਤੋਂ ਬਾਹਰ ਆ ਕੇ ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ 'ਚ ਰਹਿ ਰਹੇ ਰਾਮ ਰਹੀਮ ਦੀ ਜਾਂਚ ਦੀ ਮੰਗ ਕੀਤੀ ਹੈ।


ਉਨ੍ਹਾਂ ਦਾ ਕਹਿਣਾ ਹੈ ਕਿ ਇਸ ਰਾਮ ਰਹੀਮ ਦੇ ਹਾਵ-ਭਾਵ ਪਹਿਲਾਂ ਵਰਗੇ ਨਹੀਂ ਹਨ। ਪਟੀਸ਼ਨ ਦਾਇਰ ਕਰਨ ਵਾਲੇ ਚੰਡੀਗੜ੍ਹ ਤੋਂ ਇਲਾਵਾ ਪੰਚਕੂਲਾ ਤੇ ਅੰਬਾਲਾ ਦੇ ਵਸਨੀਕ ਹਨ। ਉਨ੍ਹਾਂ ਨੇ ਹਰਿਆਣਾ ਸਰਕਾਰ, ਹਨੀਪ੍ਰੀਤ ਤੇ ਸਿਰਸਾ ਡੇਰੇ ਦੇ ਪ੍ਰਬੰਧਕ ਪੀਆਰ ਨੈਨ ਨੂੰ ਪਾਰਟੀ ਬਣਾਇਆ ਹੈ। ਇਨ੍ਹਾਂ ਡੇਰਾ ਸ਼ਰਧਾਲੂਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅਸਲੀ ਡੇਰਾ ਮੁਖੀ ਨੂੰ ਅਗਵਾ ਕਰਨ ਤੋਂ ਬਾਅਦ ਨਕਲੀ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਹੈ। ਹੁਣ ਇਸ ਨਕਲੀ ਨੂੰ ਅਸਲੀ ਬਣਾ ਕੇ ਡੇਰੇ ਦੀ ਗੱਦੀ ਹਥਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡੇਰੇ ਦੀ ਗੱਦੀ ਲਈ ਅਸਲੀ ਡੇਰਾ ਮੁਖੀ ਮਾਰਿਆ ਗਿਆ ਹੈ ਜਾਂ ਮਾਰਿਆ ਜਾਵੇਗਾ। ਜੇਲ੍ਹ ਵਿੱਚ ਬੰਦ ਨਕਲੀ ਰਾਮ ਰਹੀਮ ਦੀ ਜਾਂਚ ਹੋਣੀ ਚਾਹੀਦੀ ਹੈ।

ਨਕਲੀ ਰਾਮ ਰਹੀਮ ਹੋਣ ਦਾ ਕਾਰਨ
ਪਟੀਸ਼ਨ 'ਚ ਕਿਹਾ ਗਿਆ ਹੈ ਕਿ ਜੇਲ੍ਹ ਤੋਂ ਬਾਹਰ ਆਏ ਡੇਰਾ ਮੁਖੀ 'ਚ ਉਨ੍ਹਾਂ ਨੇ ਕਾਫੀ ਬਦਲਾਅ ਦੇਖਿਆ ਹੈ। ਉਨ੍ਹਾਂ ਨੇ ਹਾਲ ਹੀ 'ਚ ਕਥਿਤ ਡੇਰਾ ਮੁਖੀ ਦੀ ਵੀਡੀਓ ਜਾਰੀ ਕੀਤੀ ਹੈ, ਜਿਸ 'ਚ ਉਨ੍ਹਾਂ ਨੂੰ ਨੇੜਿਓਂ ਦੇਖਿਆ ਜਾ ਰਿਹਾ ਹੈ। ਡੇਰਾ ਮੁਖੀ ਦਾ ਕੱਦ ਇਕ ਇੰਚ ਵਧ ਗਿਆ। ਉਂਗਲਾਂ ਦੀ ਲੰਬਾਈ ਤੇ ਪੈਰਾਂ ਦਾ ਆਕਾਰ ਵੀ ਵਧ ਗਿਆ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਉਸ ਦੇ ਚਿਹਰੇ ਤੇ ਹੱਥਾਂ 'ਚ ਮਾਸਕਿੰਗ ਸੀ, ਜੋ ਬਦਲ ਗਈ।

ਪੁਰਾਣੇ ਦੋਸਤਾਂ ਨੂੰ ਨਹੀਂ ਪਛਾਣ ਸਕਿਆ
ਪਟੀਸ਼ਨਰਾਂ ਨੇ ਕਿਹਾ ਕਿ ਉਨ੍ਹਾਂ ਦੇ ਕੁਝ ਪੁਰਾਣੇ ਦੋਸਤ ਕੁਝ ਦਿਨ ਪਹਿਲਾਂ ਕਥਿਤ ਡੇਰਾ ਮੁਖੀ ਨੂੰ ਮਿਲੇ ਸਨ ਜਿਸ ਨੂੰ ਉਹ ਪਛਾਣ ਨਹੀਂ ਸਕਿਆ। ਇਸ ਤੋਂ ਸਾਫ਼ ਹੈ ਕਿ ਉਹ ਨਕਲੀ ਡੇਰਾ ਮੁਖੀ ਹੈ। ਉਸ ਨੇ ਮੂਲ ਬਾਰੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਰਾਮ ਰਹੀਮ ਦੇ ਅਸਲੀ ਤੇ ਨਕਲੀ ਹੋਣ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਸਮੇਂ ਤੋਂ ਬਹਿਸ ਚੱਲ ਰਹੀ ਸੀ। ਡੇਰਾ ਸੱਚਾ ਸੌਦਾ ਦੇ ਸਮਰਥਕਾਂ ਦਾ ਇੱਕ ਸਮੂਹ ਦਾਅਵਾ ਕਰ ਰਿਹਾ ਹੈ ਕਿ ਜੇਲ੍ਹ ਵਿੱਚ ਬੰਦ ਡੇਰਾ ਮੁਖੀ ਫਰਜ਼ੀ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ।