ਗਗਨਦੀਪ ਸ਼ਰਮਾ


ਅੰਮ੍ਰਿਤਸਰ: ਬੇਅਦਬੀ ਮਾਮਲਿਆਂ ਦੀ ਜਾਂਚ ਕਰਨ ਲਈ ਮੁੜ ਗਠਿਤ ਕੀਤੀ ਗਈ ਐਸਆਈਟੀ ਦੇ ਮੁਖੀ ਤੇ ਬਾਰਡਰ ਜ਼ੋਨ ਦੇ ਆਈਜੀ ਐਸਪੀਐਸ ਪਰਮਾਰ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ ਕਿ ਡੇਰਾ ਮੁਖੀ ਦਾ ਨਾਂ ਕੇਸ 'ਚੋਂ ਕੱਢ ਦਿੱਤਾ ਗਿਆ ਹੈ। ਆਈਜੀ ਨੇ ਸਪੱਸ਼ਟ ਕੀਤਾ ਕਿ ਕੇਸ ਦੀ ਜਾਂਚ ਹਾਲੇ ਜਾਰੀ ਹੈ ਤੇ ਜੋ ਵੀ ਇਸ ਮਾਮਲੇ 'ਚ ਕਸੂਰਵਾਰ ਪਾਇਆ ਗਿਆ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।


ਜਿਕਰਯੋਗ ਹੈ ਕਿ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਇਤਰਾਜ ਜਤਾਇਆ ਸੀ ਸਿੱਟ ਵੱਲੋਂ ਦੋ ਦਿਨ ਪਹਿਲਾਂ ਫਰੀਦਕੋਟ ਦੀ ਅਦਾਲਤ 'ਚ ਜੋ ਚਲਾਨ ਪੇਸ਼ ਕੀਤਾ ਸੀ, ਉਸ 'ਚ ਸਾਜਿਸ਼ ਤਹਿਤ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦਾ ਨਾਂ ਦਰਜ ਨਹੀਂ ਕੀਤਾ। ਆਈਜੀ ਐਸਪੀਐਸ ਪਰਮਾਰ ਨੇ 'ਏਬੀਪੀ ਸਾਂਝਾ' ਨਾਲ ਫੋਨ 'ਤੇ ਗੱਲਬਾਤ ਦੌਰਾਨ ਦੱਸਿਆ ਕਿ ਸਾਰੇ ਮਾਮਲੇ ਦੀ ਜਾਂਚ ਹਾਲੇ ਜਾਰੀ ਹੈ। ਇਹ ਪਹਿਲਾ ਚਲਾਨ ਹੈ ਜੋ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਛੇ ਮੁਲਜਮਾਂ ਖਿਲਾਫ ਪੇਸ਼ ਕੀਤਾ ਗਿਆ ਹੈ। ਜੇਕਰ ਇਹ ਚਲਾਨ 60 ਦਿਨਾਂ 'ਚ ਨਾ ਪੇਸ਼ ਕਰਦੇ ਤਾਂ ਮੁਲਜ਼ਮਾਂ ਦੀ ਜਮਾਨਤ ਹੋ ਸਕਦੀ ਸੀ।


ਇਸ ਦੇ ਨਾਲ ਹੀ ਪਰਮਾਰ ਨੇ ਕਿਹਾ ਕਿ ਇਨ੍ਹਾਂ ਛੇ ਮੁਲਜ਼ਮਾਂ ਦੀ ਪੁੱਛਗਿੱਛ 'ਚ ਤਿੰਨ ਡੇਰਾ ਪ੍ਰੇਮੀਆਂ ਦਾ ਨਾਮ ਸਾਹਮਣੇ ਆਇਆ ਹੈ, ਜੋ ਮੁੱਖ ਮੁਲਜ਼ਮ ਹਨ ਤੇ ਭਗੌੜੇ ਹਨ। ਇਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੁੱਛਗਿੱਛ 'ਚ ਇਹ ਪਤਾ ਲਾਇਆ ਜਾਵੇਗਾ ਕਿ ਉਨ੍ਹਾਂ ਨੇ ਕਿਸ ਦੇ ਕਹਿਣ 'ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਤੇ ਉਸ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਜਾਵੇਗਾ ਤਾਂ ਫਿਰ ਅਗਲੀ ਕਾਨੂੰਨੀ ਕਾਰਵਾਈ ਹੋਵੇਗੀ।


ਆਈਜੀ ਨੇ ਕਿਹਾ ਕਿ ਤਿੰਨਾਂ ਡੇਰਾ ਪ੍ਰੇਮੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਜਾਰੀ ਹੈ। ਪਰਮਾਰ ਨੇ ਦੱਸਿਆ ਕਿ ਫਿਲਹਾਲ 128 ਐਫਆਈਆਰ 'ਚ ਚਲਾਨ ਪੇਸ਼ ਕੀਤਾ ਹੈ ਤੇ ਸਮਾਂ ਆਉਣ 'ਤੇ ਸਪਲੀਮੈਂਟਰੀ ਚਲਾਨ ਵੀ ਪੇਸ਼ ਕਰ ਦਿੱਤਾ ਜਾਵੇਗਾ। ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ਬਾਬਤ ਤਿੰਨ ਕੇਸਾਂ ਦੀ ਜਾਂਚ ਜਾਰੀ ਹੈ। ਸਬੂਤ ਮਿਲਣ 'ਤੇ ਕਿਸੇ ਵੀ ਮੁਲਜਮ ਤੋਂ ਪੁੱਛਗਿੱਛ ਤੇ ਕਾਰਵਾਈ ਕਰਨ ਦਾ ਅਖਤਿਆਰ ਪੁਲਿਸ ਕੋਲ ਮੌਜੂਦ ਹੈ।


ਆਈਜੀ ਨੇ ਕਿਹਾ ਕਿ ਪੇਸ਼ ਕੀਤਾ ਚਲਾਨ ਜਨਤਕ ਡਾਕੂਮੈਂਟ ਹੈ ਤੇ ਇਹ ਇੱਕ ਅਹਿਮ ਜਾਂਚ ਹੈ ਤੇ ਇਸ 'ਤੇ ਕਿਸੇ ਨੂੰ ਵੀ ਟਿੱਪਣੀ ਕਰਨ ਤੋਂ ਪਹਿਲਾਂ ਤੱਥਾਂ ਨੂੰ ਵਾਚ ਲੈਣ ਚਾਹੀਦਾ ਹੈ।


ਇਹ ਵੀ ਪੜ੍ਹੋ: Punjab Government: ਪੰਜਾਬ ਸਰਕਾਰ ਵੱਲੋਂ ਕਰਜ਼ ਮਾਫੀ ਦਾ ਐਲਾਨ, 20 ਅਗਸਤ ਨੂੰ ਜਾਰੀ ਹੋਣਗੇ ਚੈੱਕ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904