Rana Balachauria Murder Update: ਮੁਹਾਲੀ ਦੇ ਸੋਹਾਣਾ ਵਿੱਚ ਟੂਰਨਾਮੈਂਟ ਦੌਰਾਨ ਕਬੱਡੀ ਪ੍ਰਮੋਟਰ ਤੇ ਖਿਡਾਰੀ ਰਾਣਾ ਬਲਾਚੌਰੀਆ ਦੇ ਕਤਲ ਮਗਰੋਂ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੁਹਾਲੀ ਦੇ ਸੋਹਾਣਾ ਵਿੱਚ ਕਬੱਡੀ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾਚੌਰੀਆ (ਬਲਰਾਜ ਰਾਣਾ) ਨੂੰ ਖਿਡਾਰੀਆਂ ਤੇ ਦਰਸ਼ਕਾਂ ਦੇ ਸਾਹਮਣੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਵਾਕਿਆ ਸਿਰਫ਼ ਇੱਕ ਕਤਲ ਨਹੀਂ, ਸਗੋਂ ਪੰਜਾਬ ਵਿੱਚ ਪੂਰੀ ਤਰ੍ਹਾਂ ਡਿੱਗ ਚੁੱਕੀ ਕਾਨੂੰਨ-ਵਿਵਸਥਾ ਦਾ ਖੁੱਲ੍ਹਾ ਐਲਾਨ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲਾ, ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਤੇ ਜਗਰਾਓਂ ਦੇ ਤੇਜਪਾਲ ਸਿੰਘ ਦੀ ਬੇਰਹਿਮੀ ਨਾਲ ਹੱਤਿਆ ਹੋ ਚੁੱਕੀ ਹੈ, ਪਰ ਸਰਕਾਰ ਅੱਜ ਤੱਕ ਸਿਰਫ਼ ਖੋਖਲੇ ਬਿਆਨਾਂ ਤੱਕ ਹੀ ਸੀਮਿਤ ਰਹੀ ਹੈ। ਭਗਵੰਤ ਮਾਨ ਦੀ ਗ੍ਰਹਿ ਮੰਤਰੀ ਵਜੋਂ ਨਾਕਾਮ ਤੇ ਲਾਪ੍ਰਵਾਹ ਕਾਰਗੁਜ਼ਾਰੀ ਨੇ ਪੰਜਾਬ ਨੂੰ ਗੈਂਗਲੈਂਡ ਵਿੱਚ ਤਬਦੀਲ ਕਰ ਦਿੱਤਾ ਹੈ। ਪਿੰਡਾਂ ਤੋਂ ਸ਼ਹਿਰਾਂ ਤੱਕ, ਵਪਾਰੀਆਂ ਤੋਂ ਖਿਡਾਰੀਆਂ ਤੱਕ, ਗਲੀਆਂ ਤੋਂ ਸਟੇਡੀਅਮਾਂ ਤੱਕ, ਅੱਜ ਪੂਰਾ ਪੰਜਾਬ ਡਰ ਦੇ ਪਰਛਾਵੇਂ ਹੇਠ ਜੀ ਰਹਾ ਹੈ।
ਦੱਸ ਦਈਏ ਕਿ ਸੋਮਵਾਰ ਸ਼ਾਮ ਮੁਹਾਲੀ ਦੇ ਸੋਹਾਣਾ ਵਿੱਚ ਕਬੱਡੀ ਟੂਰਨਾਮੈਂਟ ਦੌਰਾਨ ਰਾਣਾ ਬਲਾਚੌਰੀਆ ਦਾ ਸਿਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਅੱਜ (16 ਦਸੰਬਰ) ਨੂੰ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਅੰਤਿਮ ਸੰਸਕਾਰ ਅੱਜ ਸ਼ਾਮ ਨੂੰ ਹੋਣ ਦੀ ਉਮੀਦ ਹੈ। ਮੁਹਾਲੀ ਪੁਲਿਸ ਨੇ ਹਮਲਾਵਰਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਕਾਤਲਾਂ ਦੀ ਪਛਾਣ ਕਰਨ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਬੰਬੀਹਾ ਗੈਂਗ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਤਲ ਦੀ ਜ਼ਿੰਮੇਵਾਰੀ ਲਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲਿਆ ਹੈ।
ਪੁਲਿਸ ਅਨੁਸਾਰ ਸੋਮਵਾਰ ਸ਼ਾਮ ਨੂੰ ਸੋਹਾਣਾ ਦੇ ਸੈਕਟਰ 82 ਦੇ ਮੈਦਾਨ ਵਿੱਚ ਇੱਕ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ। ਮੈਚ ਕੁਮੈਂਟੇਟਰ ਸੇਵਕ ਸ਼ੇਰਗੜ੍ਹ ਨੇ ਕਿਹਾ ਕਿ ਰਾਣਾ ਬਲਾਚੌਰੀਆ ਜਲੰਧਰ ਤੋਂ ਸ਼ਕਰਪੁਰ ਟੀਮ ਦਾ ਮੈਨੇਜਰ ਸੀ। ਉਹ ਟੂਰਨਾਮੈਂਟ ਵਿੱਚ ਦੋ ਟੀਮਾਂ ਲੈ ਕੇ ਆਇਆ ਸੀ। ਸੈਮੀਫਾਈਨਲ ਮੈਚ ਬਰਾਬਰ ਹੋਣ ਤੋਂ ਬਾਅਦ ਉਹ ਮੈਦਾਨ ਛੱਡ ਰਿਹਾ ਸੀ। ਹਮਲਾਵਰ ਸੈਲਫੀ ਲੈਣ ਦੇ ਬਹਾਨੇ ਉਸ ਕੋਲ ਗਿਆ ਤੇ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ।
ਸੋਮਵਾਰ ਰਾਤ ਭਰ ਪੁਲਿਸ ਨੇ ਸੋਹਾਣਾ ਦੇ ਆਲੇ-ਦੁਆਲੇ ਦੀਆਂ ਸਾਰੀਆਂ ਥਾਵਾਂ 'ਤੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਿੱਥੋਂ ਹਮਲਾਵਰਾਂ ਦੀਆਂ ਗੱਡੀਆਂ ਲੰਘਦੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਇੱਕ ਬੋਲੈਰੋ ਗੱਡੀ ਵਿੱਚ ਆਏ ਸਨ। ਹਾਲਾਂਕਿ, ਮੌਕੇ 'ਤੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਮੋਟਰਸਾਈਕਲਾਂ 'ਤੇ ਭੱਜਦੇ ਵੀ ਦੇਖਿਆ।