ਰੌਬਟ ਦੀ ਰਿਪੋਰਟ


ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਲੋੜਿਂਦੇ ਸੰਦੀਪ ਸਿੰਘ ਕਾਹਲੋਂ ਨੇ ਵਿਧਾਨ ਸਭਾ ਚੋਣਾਂ 2022 'ਚ ਰਵੀ ਕਰਨ ਸਿੰਘ ਕਾਹਲੋਂ ਦੀ ਚੋਣ ਪ੍ਰਚਾਰ ਦੌਰਾਨ ਅਹਿਮ ਭੂਮਿਕਾ ਨਿਭਾਈ ਸੀ।ਸੰਦੀਪ ਸਿੰਘ ਕਾਹਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਨਿਰਮਲ ਸਿੰਘ ਕਾਹਲੋਂ ਦਾ ਭਤੀਜਾ।ਉਹ
 ਹਰਗੋਬਿੰਦਪੁਰ ਵਿੱਚ ਬਤੌਰ ਪੰਚਾਇਤ ਅਫ਼ਸਰ ਤਾਇਨਾਤ ਹੈ ਪਰ ਮੂਸੇਵਾਲਾ ਦੇ ਕਤਲ ਦੇ ਤਿੰਨ ਦਿਨ ਪਹਿਲਾਂ ਤੋਂ ਗ਼ੈਰਹਾਜ਼ਰ ਹੈ।


ਇਸ ਮਾਮਲੇ 'ਤੇ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੇ ਕਾਹਲੋਂ ਪਰਿਵਾਰ ਦੀ ਸੁਰੱਖਿਆ ਵਾਪਲ ਲੈਣ ਲਈ ਕੇਂਦਰੀ ਗ੍ਰਹਿ ਵਿਭਾਗ ਨੂੰ ਅਪੀਲ ਕੀਤੀ ਹੈ। ਉਹਨਾਂ ਕਾਹਲੋਂ ਪਰਿਵਾਰ 'ਤੇ ਗੈਂਗਸਟਰਾਂ ਨਾਲ ਸਬੰਧ ਹੋਣ ਦੀ ਵੀ ਇਲਜ਼ਾਮ ਲਏ ਹਨ। 


ਰੰਧਾਵਾ ਨੇ ਟਵੀਟ ਕਰ ਕਿਹਾ, "ਮੈਂ ਕਾਫੀ ਸਮੇਂ ਤੋਂ ਕਹਿ ਰਿਹਾ ਹਾਂ ਕਿ ਕਾਹਲੋਂ ਪਰਿਵਾਰ ਦੇ ਗੈਂਗਸਟਰਾਂ ਨਾਲ ਸਬੰਧ ਹਨ, ਫਿਰ ਵੀ ਉਨ੍ਹਾਂ ਨੂੰ ਕੇਂਦਰ ਵੱਲੋਂ ਸੁਰੱਖਿਆ ਦਿੱਤੀ ਗਈ ਹੈ। ਕੇਂਦਰੀ ਗ੍ਰਹਿ ਵਿਭਾਗ ਕਾਹਲੋਂ ਪਰਿਵਾਰ ਨੂੰ ਦਿੱਤੀ ਗਈ ਸੁਰੱਖਿਆ ਵਾਪਸ ਲੈਣ ਅਤੇ ਪੰਜਾਬ ਦੇ ਗੈਂਗਸਟਰਾਂ ਨਾਲ ਉਨ੍ਹਾਂ ਦੇ ਸਬੰਧਾਂ ਦੀ ਜਾਂਚ ਕੀਤੀ ਜਾਵੇ।" ਇਸ ਟਵੀਟ 'ਚ ਉਨ੍ਹਾਂ ਸੁਖਬੀਰ ਬਾਦਲ ਨੂੰ ਵੀ ਟੈਗ ਕੀਤਾ ਹੈ। 









ਗੁਰਦਾਸਪੁਰ ਜ਼ਿਲ੍ਹੇ ਦਾ ਮੂਲ ਨਿਵਾਸੀ ਸੰਦੀਪ ਜੂਨ 'ਚ ਉਸ ਸਮੇਂ ਤੋਂ ਫਰਾਰ ਹੈ ਜਦੋਂ ਮੂਸੇਵਾਲਾ ਦੀ ਹੱਤਿਆ 'ਚ ਉਸ ਦਾ ਨਾਂ ਸਾਹਮਣੇ ਆਇਆ ਸੀ। ਪੁਲਿਸ ਨੇ ਕਿਹਾ ਹੈ ਕਿ ਉਸ ਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਨਾਲ ਸਬੰਧ ਹਨ।


ਮੂਸੇਵਾਲਾ ਦੇ ਕਤਲ ਵਿੱਚ ਸੰਦੀਪ ਦੀ ਕਥਿਤ ਭੂਮਿਕਾ ਉਦੋਂ ਸਾਹਮਣੇ ਆਈ ਜਦੋਂ ਲੁਧਿਆਣਾ ਪੁਲਿਸ ਨੇ ਅਜਨਾਲਾ ਦੇ ਘੋੜਾ ਵਪਾਰੀ ਸਤਬੀਰ ਸਿੰਘ ਨੂੰ ਗ੍ਰਿਫਤਾਰ ਕੀਤਾ, ਜਿਸ ਨੇ ਬਟਾਲਾ ਦੇ ਮਨਦੀਪ ਤੂਫਾਨ ਅਤੇ ਅੰਮ੍ਰਿਤਸਰ ਦੇ ਮਨਪ੍ਰੀਤ ਮਨੀ ਨਾਲ ਮਿਲ ਕੇ 19 ਜੂਨ ਨੂੰ ਬਠਿੰਡਾ ਵਿੱਚ ਲੁਧਿਆਣਾ ਦੇ ਟਰਾਂਸਪੋਰਟਰ ਬਲਦੇਵ ਚੌਧਰੀ ਤੋਂ ਮੂਸੇਵਾਲਾ ਦੇ ਕਤਲ ਲਈ ਨਾਜਾਇਜ਼ ਹਥਿਆਰ ਹਾਸਲ ਕੀਤੇ ਸਨ।