ਚੰਡੀਗੜ੍ਹ: ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੰਗਤ ਨੂੰ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਸਮਾਗਮ ਨਾ ਕਰਵਾਉਣ ਦੇ ਹੁਕਮ ਮਗਰੋਂ ਮਾਮਲਾ ਹੋਰ ਗਰਮਾ ਗਿਆ ਹੈ। ਢੱਡਰੀਆਂ ਵਾਲੇ ਨੇ ਤਿੱਖਾ ਵਾਰ ਕਰਦਿਆਂ ਕਿਹਾ ਕਿ ਉਹ ਸਿਆਸੀ ਆਗੂਆਂ ਦੇ ਗ਼ੁਲਾਮ ਪੱਖਪਾਤੀ ਜਥੇਦਾਰਾਂ ਨੂੰ ਮੰਨਦੇ ਹੀ ਨਹੀਂ। ਉਨ੍ਹਾਂ ਵੀਡੀਓ ਜ਼ਰੀਏ ਇਹ ਵੀ ਸਪੱਸ਼ਟ ਕੀਤਾ ਕਿ ਉਹ ਆਪਣੀ ਵਿਚਾਰਧਾਰਾ ’ਤੇ ਪਹਿਰਾ ਦੇਣ ਤੋਂ ਬਿਲਕੁਲ ਵੀ ਪਿੱਛੇ ਨਹੀਂ ਹਟਣਗੇ। ਉਨ੍ਹਾਂ ਆਪਣੇ ਪੈਰੋਕਾਰਾਂ ਨੂੰ ਕਾਇਮ ਰਹਿਣ ਤੇ ਹੌਸਲਾ ਰੱਖਣ ਦਾ ਵੀ ਸੱਦਾ ਦਿੱਤਾ ਹੈ।



ਦੱਸ ਦਈਏ ਕਿ ਢੱਡਰੀਆਂਵਾਲਾ ਮਾਮਲੇ ਦੀ ਜਾਂਚ ਰਿਪੋਰਟ ਨੂੰ ਘੋਖਣ ਮਗਰੋਂ ਪੰਜ ਸਿੰਘ ਸਾਹਿਬਾਨ ਨੇ ਸਿੱਖ ਸੰਗਤ ਨੂੰ ਆਦੇਸ਼ ਕੀਤਾ ਹੈ ਕਿ ਜਦ ਤੱਕ ਢੱਡਰੀਆਂਵਾਲਾ ਆਪਣੀ ਗਲਤ ਬਿਆਨੀ ਲਈ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਮੁਆਫ਼ੀ ਨਹੀਂ ਮੰਗਦਾ, ਉਦੋਂ ਤੱਕ ਸਿੱਖ ਸੰਗਤ ਉਸ ਦੇ ਸਮਾਗਮ ਨਾ ਕਰਵਾਏ। ਇਸ ਦੇ ਪ੍ਰਚਾਰ ਨੂੰ ਨਾ ਸੁਣਿਆ ਜਾਵੇ ਤੇ ਨਾ ਹੀ ਉਸ ਦੀਆਂ ਵੀਡੀਓ ਆਦਿ ਅਗਾਂਹ ਸਾਂਝੀਆਂ ਕੀਤੀਆਂ ਜਾਣ।

ਅਕਾਲ ਤਖ਼ਤ ਦੇ ਫ਼ੈਸਲੇ ਮਗਰੋਂ ਗੁਰਦੁਆਰਾ ਪਰਮੇਸ਼ਰ ਦੁਆਰ ਤੋਂ ਢੱਡਰੀਆਂ ਵਾਲੇ ਨੇ ਸੋਸ਼ਲ ਮੀਡੀਆ ’ਤੇ ਦਿੱਤੇ ਤਿੱਖੇ ਪ੍ਰਤੀਕਰਮ ’ਚ ਆਪਣੇ ਆਪ ਨੂੰ ਗੁਰਮਤਿ ਪ੍ਰਚਾਰ ਪੱਖੋਂ ਬੇਕਸੂਰ ਦੱਸਦਿਆਂ ਆਖਿਆ ਹੈ ਕਿ ਉਨ੍ਹਾਂ ਖ਼ਿਲਾਫ਼ ਸਾਜ਼ਿਸ ਤਹਿਤ ਫ਼ੈਸਲੇ ਲਏ ਜਾ ਰਹੇ ਹਨ, ਜਦਕਿ ਉਨ੍ਹਾਂ ਗੁਰੂ ਘਰ ਜਾਂ ਗੁਰੂ ਸਾਹਿਬਾਨ ਖ਼ਿਲਾਫ਼ ਕਦੇ ਵੀ ਕੋਈ ਕੂੜ ਪ੍ਰਚਾਰ ਨਹੀ ਕੀਤਾ। ਉਨ੍ਹਾਂ ਕਿਹਾ ਕਿ ਵੀਡੀਓ ਪ੍ਰਚਾਰ ਨੂੰ ਨਾ ਸੁਣਨ ਦੇ ਫੁਰਮਾਨ ਤੋਂ ਜ਼ਾਹਿਰ ਹੈ ਕਿ ਉਨ੍ਹਾਂ ਦੀ ਵਿਚਾਰਧਾਰਾ ਤੋਂ ਪੁਜਾਰੀ ਸਿਸਟਮ ਧੁਰ ਅੰਦਰੋਂ ਹਿੱਲ ਗਿਆ ਹੈ ਕਿਉਂਕਿ ਉਸ ਦੇ ਸਚਾਈ ਭਰੇ ਪ੍ਰਚਾਰ ਤੋਂ ਪੁਜਾਰੀ ਸਿਸਟਮ ਤੇ ਸਾਧਾਂ ਦੇ ਪਾਜ ਉੱਘੜਦੇ ਹਨ।

‘ਸੂਰਜ ਪ੍ਰਕਾਸ਼’ ਗ੍ਰੰਥ ਦਾ ਉਨ੍ਹਾਂ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਅਜਿਹਾ ਗ੍ਰੰਥ ਕੇਵਲ ਪੜ੍ਹ ਕੇ ਸੁਣਾਇਆ ਹੈ, ਇਹ ਕਿੱਥੋਂ ਗੁਨਾਹ ਹੋ ਗਿਆ? ਢੱਡਰੀਆਂਵਾਲਾ ਨੇ ਕਿਹਾ ਕਿ ਅਜਿਹੇ ਗ੍ਰੰਥਾਂ ’ਚੋਂ ਪੜ੍ਹ ਕੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪਿਛਲੇ ਦਿਨੀਂ ਬਿਆਨ ਦਿੱਤਾ ਹੈ, ਪਰ ਇਨ੍ਹਾਂ ਦੀ ਤਲਵਾਰ ਸਿਰਫ਼ ਪ੍ਰਚਾਰਕਾਂ ’ਤੇ ਹੀ ਚੱਲਦੀ ਹੈ।

ਉਨ੍ਹਾਂ ਇਹ ਵੀ ਚੁਣੌਤੀ ਦਿੱਤੀ ਕਿ ਆਪਣੇ ਪ੍ਰਚਾਰ ਦੀ ਸਚਾਈ ਬਿਆਨਣ ਲਈ ਉਹ ਚੈਨਲ ’ਤੇ ਬੈਠ ਕੇ ਬਹਿਸ ਲਈ ਵੀ ਉਹ ਤਿਆਰ ਹਨ, ਪਰ ਸਬ ਕਮੇਟੀ ਦੀ ਉਹ ਰਿਪੋਰਟ ਲਿਆਂਦੀ ਜਾਵੇ ਜਿਸ ’ਚ ਉਸ ਨੂੰ ਜਬਰੀ ਦੋਸ਼ੀ ਸਾਬਤ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਜੇਕਰ ਉਹ ਗੁਰਮਤਿ ਦੇ ਸੰਦਰਭ ’ਚ ਕਿਤੇ ਵੀ ਝੂਠਾ ਜਾਂ ਗਲਤ ਹੋਵੇ ਤਾਂ ਉਹ ਜਥੇਦਾਰ ਅਕਾਲ ਤਖ਼ਤ ਅੱਗੇ ਵਿਛਣ ਨੂੰ ਵੀ ਤਿਆਰ ਹੈ ਤੇ ਅਕਾਲ ਤਖ਼ਤ ’ਤੇ ਪੇਸ਼ ਹੋਣ ਤੋਂ ਨਹੀਂ ਮੁੱਕਰੇਗਾ।