Ranjit Singh Dhadrianwale News: ਇੱਕ ਵਾਰ ਫਿਰ ਤੋਂ ਗੁਰਦੁਆਰਾ ਪਰਮੇਸ਼ਰ ਦੁਆਰ ਨੇੜੇ ਰਮਨਜੀਤ ਕੌਰ ਨਾਂਅ ਦੀ ਕੁੜੀ ਦੀ ਮੌਤ ਦਾ ਮਾਮਲਾ ਚਰਚਾ ਦੇ ਵਿੱਚ ਹੈ। ਇਸ ਮਾਮਲੇ ’ਚ ਹੁਣ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਰਣਜੀਤ ਸਿੰਘ ਢੱਡਰੀਆਂਵਾਲੇ ਖਿਲਾਫ ਰੇਪ ਅਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। FIR ਹੋਣ ਤੋਂ ਬਾਅਦ ਹੁਣ ਢੱਡਰੀਆਂ ਵਾਲੇ ਵੱਲੋਂ ਇਸ ਮਾਮਲੇ 'ਚ ਪਹਿਲਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਆਪਣੇ ਖਿਲਾਫ ਦਰਜ FIR ਨੂੰ ਸਿਰਫ਼ ਸ਼ੱਕ ਦੀ ਬਿਨਾਹ ਦੱਸਿਆ ਹੈ ਅਤੇ ਕਿਹਾ ਹੈ ਕਿ ਇਹ ਸਿਰਫ਼ ਇਲਜ਼ਾਮ ਹਨ ਅਤੇ ਛੇਤੀ ਹੀ ਸਮਾਂ ਆਉਣ 'ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ।

ਹੋਰ ਪੜ੍ਹੋ : Accident in Kullu: ਕੁੱਲੂ 'ਚ ਵੱਡਾ ਹਾਦਸਾ, ਖਾਈ 'ਚ ਡਿੱਗੀ ਬੱਸ, ਡਰਾਈਵਰ ਦੀ ਮੌ*ਤ ਤੇ ਕਈ ਲੋਕ ਜ਼ਖਮੀ

ਦਰਅਸਲ ਪੀੜਤ ਪਰਿਵਾਰ ਵੱਲੋਂ ਪੰਜਾਬ-ਹਰਿਆਣਾ ਹਾਈਕੋਰਟ 'ਚ ਮਾਮਲਾ ਦਰਜ ਕਰਨ ਨੂੰ ਲੈ ਕੇ ਮੰਗ ਕੀਤੀ ਗਈ ਸੀ, ਜਿਸ 'ਤੇ ਮੰਗਲਵਾਰ ਡੀਜੀਪੀ ਨੇ ਹਾਈਕੋਰਟ ’ਚ ਦਰਜ ਕਰਵਾਏ ਹਲਫਨਾਮੇ ’ਚ ਰਣਜੀਤ ਸਿੰਘ ਢੱਡਰੀਆਂ ਵਾਲੇ ਖਿਲਾਫ ਰੇਪ ਅਤੇ ਬਲਾਤਕਾਰ ਦਾ ਮਾਮਲਾ ਦਰਜ ਕੀਤੇ ਜਾਣ ਬਾਰੇ ਜਾਣਕਾਰੀ ਦਿੱਤੀ ਸੀ। ਇਸ FIR ਤੋਂ ਬਾਅਦ ਹੁਣ ਢੱਡਰੀਆਂ ਵਾਲੇ ਦਾ ਬਿਆਨ ਸਾਹਮਣੇ ਆਇਆ ਹੈ।

ਰਣਜੀਤ ਸਿੰਘ ਢੱਡਰੀਆਂ ਵੱਲੋਂ ਆਪਣਾ ਪੱਖ ਰੱਖਦੇ ਹੋਏ ਇੱਕ ਵੀਡੀਓ ਸੁਨੇਹਾ ਸਾਂਝਾ ਕੀਤਾ ਗਿਆ ਹੈ। ਜਿਸ ਵਿੱਚ ਉਨ੍ਹਾਂ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਇਹ ਖਬਰ ਸੁਣ ਕੇ ਉਹ ਖੁਦ ਵੀ ਬਹੁਤ ਹੈਰਾਨ ਹਨ, ਕਿਉਂਕਿ ਇਹ ਖ਼ਬਰ ਹੀ ਅਜਿਹੀ ਹੈ ਕਿ ਹਰ ਸੁਣਨ ਵਾਲਾ ਹੈਰਾਨ ਹੈ, ਕਿ ਪਰਿਵਾਰ ਵੱਲੋਂ ਪਹਿਲਾਂ ਕੋਈ ਵੀ ਅਜਿਹੀ ਗੱਲ ਨਹੀਂ ਸੀ ਅਤੇ ਮਾਮਲਾ ਵੀ ਬੰਦ ਹੋ ਗਿਆ ਸੀ, ਪਰ ਹੁਣ ਉਨ੍ਹਾਂ 'ਤੇ ਅਜਿਹਾ ਇਲਜ਼ਾਮ ਲੱਗਿਆ ਕਿ ਮੈਂ ਖੁਦ ਹੈਰਾਨ ਹਾਂ।

ਇਹ ਸਿਰਫ਼ ਇਲਜ਼ਾਮ ਹਨ- ਰਣਜੀਤ ਸਿੰਘ ਢੱਡਰੀਆਂ

ਉਨ੍ਹਾਂ ਨੇ ਕਿਹਾ, ''ਮੈਂ ਹਰ ਇੱਕ ਨੂੰ ਬੇਨਤੀ ਕਰਦਾ ਹਾਂ ਕਿ ਇਸ ਮਾਮਲੇ 'ਚ ਪੁਲਿਸ ਜਾਂਚ ਕਰੇਗੀ ਅਤੇ ਜਾਂਚ ਵਿੱਚ ਸਮਾਂ ਵੀ ਲੱਗ ਸਕਦਾ ਹੈ, ਪਰ ਅਖੀਰ 'ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ, ਕਿਉਂਕਿ ਇਹ ਸਿਰਫ਼ ਇਲਜ਼ਾਮ ਹਨ। ਪਰਿਵਾਰ ਨੂੰ ਆਪਣੀ ਕੁੜੀ ਦੀ ਮੌਤ ਹੋਣ ਦੇ ਕਾਰਨਾਂ ਬਾਰੇ ਸ਼ੱਕ ਹੈ, ਇਸ ਲਈ ਇਹ ਮੰਗ ਉਨ੍ਹਾਂ ਵੱਲੋਂ ਕੀਤੀ ਗਈ ਸੀ, ਪਰ ਇਹ ਸਿਰਫ਼ ਇਲਜ਼ਾਮ ਹਨ।''

ਪੁਲਿਸ ਨੂੰ ਜਾਂਚ ਦੇ ਲਈ ਦੇਵਾਂਗੇ ਪੂਰਾ ਸਹਿਯੋਗ

ਉਨ੍ਹਾਂ ਨੇ ਅੱਗੇ ਕਿਹਾ, ''12 ਸਾਲ ਪਹਿਲਾਂ ਉਦੋਂ ਪਰਿਵਾਰ ਨੇ ਕਿਹਾ ਸੀ ਕਿ ਕਾਰਵਾਈ ਨਹੀਂ ਕਰਵਾਉਣੀ ਚਾਹੁੰਦੇ, ਪਰ ਹੁਣ ਹਾਈਕੋਰਟ ਗਏ ਹਨ, ਜਿਸ ਲਈ ਮਾਨਯੋਗ ਹਾਈਕੋਰਟ ਦੇ ਹੁਕਮ ਹੋਏ ਹਨ ਅਤੇ ਜਾਂਚ ਪੁਲਿਸ ਨੇ ਕਰਨੀ ਹੈ। ਉਹ ਅਪੀਲ ਕਰਦੇ ਹਨ ਕਿ ਭਾਵੇਂ ਉਨ੍ਹਾਂ ਨੂੰ ਬੁਲਾਇਆ ਜਾਵੇ ਜਾਂ ਫਿਰ ਕਿਤੇ ਲਿਜਾ ਕੇ, ਜਿਵੇਂ ਮਰਜ਼ੀ ਪੁਲਿਸ ਪੁੱਛਗਿੱਛ ਕਰਨਾ ਚਾਹੁੰਦੀ ਹੈ, ਉਹ ਅਤੇ ਗੁਰਦੁਆਰਾ ਪਰਮੇਸ਼ਰ ਦੁਆਰ ਦਾ ਹਰ ਜਥਾ ਹਰ ਤਰ੍ਹਾਂ ਦੀ ਜਾਂਚ ਵਿੱਚ ਸਹਿਯੋਗ ਦੇਵੇਗਾ।''

ਸੱਚ ਦੇ ਲਈ ਕੁੱਝ ਸਮਾਂ ਕਰਨ ਪਏਗਾ ਇੰਤਜ਼ਾਰ

ਉਨ੍ਹਾਂ ਕਿਹਾ, ''ਸਾਡਾ ਇਸ ਵਿੱਚ ਕੋਈ ਕਸੂਰ ਨਹੀਂ ਹੈ ਅਤੇ ਨਾ ਹੀ ਕੁੜੀ ਨਾਲ ਕੋਈ ਰੇਪ ਵਗੈਰਾ ਦੀ ਗੱਲ ਹੈ, ਸਿਰਫ਼ ਪਰਿਵਾਰ ਦੇ ਮਨ ਵਿੱਚ ਸ਼ੱਕ ਹੈ ਕਿ ਸਾਡੀ ਕੁੜੀ ਨਾਲ ਅਜਿਹਾ ਤਾਂ ਨਹੀਂ ਹੋਇਆ?'' ਉਨ੍ਹਾਂ ਕਿਹਾ ਕਿ ਉਹ ਹਰ ਇੱਕ ਨੂੰ ਬੇਨਤੀ ਕਰਦੇ ਹਨ ਕਿ ਕੁੱਝ ਸਮਾਂ ਇੰਤਜ਼ਾਰ ਕਰੀਏ, ਜ਼ਾਬਤੇ 'ਚ ਰਹੀਏ, ਸ਼ਾਂਤੀ ਬਣਾਈ ਰੱਖੀਏ, ਸਾਨੂੰ ਹਾਈਕੋਰਟ ਤੇ ਪੁਲਿਸ 'ਤੇ ਪੂਰਨ ਭਰੋਸਾ ਹੈ ਅਤੇ ਜਾਂਚ ਵਿੱਚ ਇਹ ਸਾਹਮਣੇ ਆ ਜਾਵੇਗਾ ਕਿ ਗੇਟ ਅੱਗੇ ਕੁੜੀ ਨੇ ਸੁਸਾਇਡ ਕੀਤਾ ਸੀ, ਜੋ ਗੱਲ ਸਾਬਤ ਹੋ ਜਾਵੇਗੀ।''