Punjab News: ਪੰਜਾਬ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੇ ਨਾਂ 'ਤੇ ਫਿਰੌਤੀ ਮੰਗਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਮੁਲਜ਼ਮਾਂ ਨੂੰ ਮੁਹਾਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕੀਤਾ ਹੈ। 


ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਦਾ ਕਿਸੇ ਗੈਂਗਸਟਰ ਨਾਲ ਕੋਈ ਸਬੰਧ ਨਹੀਂ। ਉਹ ਸਿਰਫ ਗੈਂਗਸਟਰਾਂ ਦੇ ਨਾਂ ਦੀ ਆੜ 'ਚ ਕਾਰੋਬਾਰੀਆਂ ਤੋਂ ਪੈਸੇ ਵਸੂਲਣ ਦੀ ਕੋਸ਼ਿਸ਼ ਕਰ ਰਹੇ ਸੀ। ਫੜੇ ਗਏ ਮੁਲਜ਼ਮਾਂ ਦੀ ਪਛਾਣ ਮਨਜੀਤ ਸਿੰਘ ਵਾਸੀ ਆਨੰਦਪੁਰ ਸਾਹਿਬ, ਜੋ ਡਰਾਈਵਰ ਵਜੋਂ ਕੰਮ ਕਰਦਾ ਹੈ ਤੇ ਸੂਰਜ ਵਾਸੀ ਪਿੰਡ ਮਲੋਆ, ਚੰਡੀਗੜ੍ਹ ਵਜੋਂ ਹੋਈ ਹੈ, ਜੋ ਏਸੀ ਰਿਪੇਅਰ ਦਾ ਕੰਮ ਕਰਦਾ ਹੈ। 


ਪੁਲਿਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ 30 ਦਸੰਬਰ 2022 ਨੂੰ ਇੱਕ ਫਾਰਮਾ ਕੰਪਨੀ ਦੇ ਮਾਲਕ ਤੋਂ 30 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਦੋਵਾਂ ਨੇ ਪੈਸੇ ਨਾ ਦੇਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।


ਡੀਜੀਪੀ ਪੰਜਾਬ ਗੌਰਵ ਯਾਦਵ ਨੇ ਵੀ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੈਂਗਸਟਰਾਂ ਦੇ ਨਾਂ 'ਤੇ ਕੀਤੀਆਂ ਜਾ ਰਹੀਆਂ ਫਰਜ਼ੀ ਕਾਲਾਂ ਤੋਂ ਸੁਚੇਤ ਰਹਿਣ ਤੇ ਤੁਰੰਤ ਪੁਲਿਸ ਕੰਟਰੋਲ ਰੂਮ ਨੰਬਰ-112 ਜਾਂ ਸਥਾਨਕ ਪੁਲਿਸ ਸਟੇਸ਼ਨ ਨੂੰ ਸੂਚਿਤ ਕਰਨ। 






ਹਾਸਲ ਜਾਣਕਾਰੀ ਮੁਤਾਬਕ ਮਾਮਲੇ ਦੀ ਸ਼ਿਕਾਇਤ ਮਿਲਣ 'ਤੇ ਸਪੈਸ਼ਲ ਸੈੱਲ ਨੇ ਮੁਹਾਲੀ ਦੇ ਫੇਜ਼-6 ਸਥਿਤ ਵੇਰਕਾ ਪਲਾਂਟ ਨੇੜੇ ਜਾਲ ਵਿਛਾ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਸ਼ਿਕਾਇਤਕਰਤਾ ਵਪਾਰੀ ਵੱਲੋਂ ਪੈਸੇ ਲੈਣ ਲਈ ਬੁਲਾਏ ਜਾਣ 'ਤੇ ਪੁਲਿਸ ਨੇ ਮੁਲਜ਼ਮਾਂ ਨੂੰ ਮੌਕੇ ਤੋਂ ਕਾਬੂ ਕਰ ਲਿਆ। ਪੁਲਿਸ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਲਈ ਅਦਾਲਤ ਤੋਂ ਉਨ੍ਹਾਂ ਦਾ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ, ਤਾਂ ਜੋ ਸਪੱਸ਼ਟ ਤੌਰ 'ਤੇ ਪਤਾ ਲਗਾਇਆ ਜਾ ਸਕੇ ਕਿ ਇਨ੍ਹਾਂ ਦੇ ਕਿਸੇ ਗੈਂਗਸਟਰਾਂ ਦੇ ਨੈੱਟਵਰਕ ਨਾਲ ਸਬੰਧ ਹਨ ਜਾਂ ਨਹੀਂ। 


ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੇ ਉਨ੍ਹਾਂ ਦੀ ਤਲਾਸ਼ੀ ਲੈਣ ’ਤੇ ਪੁਲਿਸ ਨੇ ਅਜੇ ਤੱਕ ਕੋਈ ਸਾਮਾਨ ਜਾਂ ਨਕਦੀ ਬਰਾਮਦ ਨਹੀਂ ਕੀਤੀ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਉਨ੍ਹਾਂ ਵੱਲੋਂ ਕਾਰੋਬਾਰੀ ਤੋਂ ਮੰਗੀ ਗਈ ਫਿਰੌਤੀ ਦੀ ਸ਼ਿਕਾਇਤ ਤੇ ਕਾਲ ਰਿਕਾਰਡ ਦੇ ਆਧਾਰ ’ਤੇ ਕੀਤੀ ਗਈ ਹੈ।