Punjab News: ਪੰਜਾਬ ਦੇ ਨੌਜਵਾਨ ਨੇ ਸੁਰੱਖਿਆ ਏਜੰਸੀਆਂ ਨੂੰ ਭਾਜੜਾਂ ਪਾ ਦਿੱਤੀਆਂ। ਬਲਾਤਕਾਰ ਦੇ ਕੇਸ ਦਾ ਇਹ ਮੁਲਜ਼ਮ ਹਵਾਈ ਅੱਡੇ ਤੋਂ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ। ਹੁਣ ਪੁਲਿਸ ਇਸ ਮੁਲਜ਼ਮ ਦੀ ਭਾਲ ਕਰ ਰਹੀ ਹੈ। ਫਤਹਿਗੜ੍ਹ ਸਾਹਿਬ ਦਾ ਰਹਿਣ ਵਾਲਾ ਇਹ ਨੌਜਵਾਨ ਬਹਿਰੀਨ ਤੋਂ ਆਇਆ ਸੀ। ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਇਸ ਨੂੰ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਨੇ ਦਬੋਚ ਲਿਆ।
ਹਾਸਲ ਜਾਣਕਾਰੀ ਮੁਤਾਬਕ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਕਰਮਚਾਰੀਆਂ ਦੀ ਹਿਰਾਸਤ ਵਿੱਚੋਂ ਬਲਾਤਕਾਰ ਦਾ ਮੁਲਜ਼ਮ ਫਰਾਰ ਹੋ ਗਿਆ। ਦਿੱਲੀ ਪੁਲਿਸ ਨੇ ਅੱਜ ਦੱਸਿਆ ਕਿ ਇਹ ਘਟਨਾ 20 ਦਸੰਬਰ ਦੀ ਹੈ। ਹੁਣ ਪੁਲਿਸ ਇਸ ਦੀ ਭਾਲ ਕਰ ਰਹੀ ਹੈ।
ਦਰਅਸਲ 7 ਅਪਰੈਲ 2020 ਨੂੰ ਬਲਾਤਕਾਰ ਦੇ ਮੁਲਜ਼ਮ ਅਮਨਦੀਪ ਸਿੰਘ ਵਾਸੀ ਫਤਹਿਗੜ੍ਹ ਸਾਹਿਬ, ਖ਼ਿਲਾਫ਼ ਲੁੱਕਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ। ਇਹ ਸਰਕੂਲਰ ਲੁਧਿਆਣਾ ਦੇ ਸਿਟੀ ਖੰਨਾ ਪੁਲਿਸ ਸਟੇਸ਼ਨ ਵਿੱਚ ਧਾਰਾ 376 ਦੇ ਤਹਿਤ ਕੇਸ ਦਰਜ ਕਰਨ ਤੋਂ ਬਾਅਦ ਜਾਰੀ ਕੀਤਾ ਗਿਆ ਸੀ। ਦਿੱਲੀ ਪੁਲਿਸ ਨੇ ਕਿਹਾ ਕਿ ਅਮਨਦੀਪ ਨੂੰ ਬਹਿਰੀਨ ਤੋਂ ਆਉਣ ’ਤੇ ਹਵਾਈ ਅੱਡੇ ’ਤੇ ਹਿਰਾਸਤ ਵਿੱਚ ਲਿਆ ਗਿਆ ਸੀ।
ਉਸ ਨੂੰ ਆਨ-ਡਿਊਟੀ ਸੀਆਈਐਸਐਫ ਕਰਮਚਾਰੀਆਂ ਦੁਆਰਾ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਤੋਂ ਬਾਅਦ ਉਹ ਵਾਸ਼ਰੂਮ ਗਿਆ ਤੇ ਉਥੋਂ ਫ਼ਰਾਰ ਹੋਣ ’ਚ ਕਾਮਯਾਬ ਰਿਹਾ। ਉਸ ਦੇ ਫ਼ਰਾਰ ਹੋਣ ਤੋਂ ਬਾਅਦ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਪੁਲਿਸ ਸਟੇਸ਼ਨ ਵਿੱਚ ਆਈਪੀਸੀ ਦੀ ਧਾਰਾ 224 ਤਹਿਤ ਮਾਮਲਾ ਦਰਜ ਕੀਤਾ ਗਿਆ ਤੇ ਉਸ ਦੀ ਭਾਲ ਜਾਰੀ ਹੈ।