ਚੰਡੀਗੜ੍ਹ: ਪਠਾਨਕੋਟ ਅੱਤਵਾਦੀ ਹਮਲੇ ਮਗਰੋਂ ਚਰਚਾ ਵਿੱਚ ਆਏ ਸਾਬਕਾ ਐਸਪੀ ਸਲਵਿੰਦਰ ਸਿੰਘ ਨੂੰ ਬਲਾਤਕਾਰ ਕੇਸ ਵਿੱਚ 10 ਸਾਲ ਤੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਪੰਜ ਸਾਲ ਸਜ਼ਾ ਤੇ 50 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਗੁਰਦਾਸਪੁਰ ਅਦਾਲਤ ਨੇ ਬਲਾਤਕਾਰ ਦੇ ਕੇਸ ਦਾ ਫੈਸਲਾ ਸੁਣਾਉਂਦਿਆਂ ਸਲਵਿੰਦਰ ਨੂੰ ਇਹ ਸਜ਼ਾ ਸੁਣਾਈ। ਸਲਵਿੰਦਰ 'ਤੇ ਮਹਿਲਾ ਨੇ ਬਲਾਤਕਾਰ ਦੇ ਇਲਜ਼ਾਮ ਲਾਏ ਸੀ। ਗੁਰਦਾਸਪੁਰ ਦੇ ਐਡੀਸ਼ਨਲ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਵੱਲੋਂ ਗੁਰਦਾਸਪੁਰ ਦੇ ਸਾਬਕਾ ਐਸਪੀ ਸਲਵਿੰਦਰ ਸਿੰਘ ਨੂੰ 376c IPC ਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ 15 ਫਰਵਰੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ।
ਅੱਜ ਅਦਾਲਤ ਵੱਲੋਂ ਸਲਵਿੰਦਰ ਸਿੰਘ ਨੂੰ 376 ਦੇ ਮਾਮਲੇ ਵਿੱਚ 10 ਸਾਲ ਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ 5 ਸਾਲ ਦੀ ਸਜ਼ਾ ਤੇ 50 ਹਜ਼ਾਰ ਰੁਪਏ ਜੁਰਮਾਨੇ ਦਾ ਐਲਾਨ ਕੀਤਾ ਗਿਆ। ਦੋਵੇਂ ਸਜ਼ਾਵਾਂ ਇਕੱਠੇ ਹੀ ਚੱਲਣਗੀਆਂ। 2016 ਵਿੱਚ ਰਜਨੀਸ਼ ਕੁਮਾਰ ਦੀ ਸ਼ਿਕਾਇਤ ਉੱਤੇ ਇਹ ਮਾਮਲਾ ਦਰਜ ਕੀਤਾ ਗਿਆ ਸੀ।
ਸਲਵਿੰਦਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਝੂਠਾ ਫਸਾਇਆ ਗਿਆ ਹੈ। ਉਹ ਹਾਈਕੋਰਟ ਦਾ ਰੁਖ਼ ਕਰਨਗੇ। ਇਸ ਮਾਮਲੇ ਵਿੱਚ ਪੀੜਤ ਦੇ ਵਕੀਲ ਭੁਪਿੰਦਰ ਸਿੰਘ ਨੇ ਦੱਸਿਆ ਕਿ 2016 ਨੂੰ ਇਹ ਮਾਮਲਾ ਗੁਰਦਾਸਪੁਰ ਪੁਲਿਸ ਵੱਲੋਂ ਵਿੱਚ ਦਰਜ ਹੋਇਆ ਸੀ। ਇਸ ਕੇਸ ਵਿੱਚ ਫੋਨ ਕਾਲ ਦੀ ਰਿਕਾਡਿੰਗ ਅਹਿਮ ਸਬੂਤ ਸੀ। ਇਸ ਕੇਸ ਵਿੱਚ 12 ਲੋਕਾਂ ਦੀ ਗਵਾਹੀ ਅਦਾਲਤ ਵਿੱਚ ਰੱਖੀ ਗਈ ਸੀ।
ਸਲਵਿੰਦਰ ਉੱਪਰ ਮਹਿਲਾ ਪੁਲਿਸ ਕਰਮਚਾਰੀਆਂ ਨੇ ਵੀ ਛੇੜਛਾੜ ਦੇ ਇਲਜ਼ਾਮ ਲਾਏ ਸੀ। ਵਿਵਾਦਾਂ ਵਿੱਚ ਘਿਰਨ ਕਰਕੇ ਸਲਵਿੰਦਰ ਨੂੰ ਜਬਰੀ ਸੇਵਾਮੁਕਤ ਕਰ ਦਿੱਤਾ ਸੀ। ਐਸਪੀ ਸਲਵਿੰਦਰ ਸਿੰਘ ਦਾ ਨਾਂ ਪਠਾਨਕੋਟ ਅੱਤਵਾਦੀ ਹਮਲੇ ਕਰਕੇ ਚਰਚਾ ਵਿੱਚ ਆਇਆ ਸੀ। ਦਰਅਸਲ ਪਠਾਨਕੋਟ ਅੱਤਵਾਦੀ ਹਮਲੇ ਤੋਂ ਪਹਿਲਾਂ ਐਸਪੀ ਸਲਵਿੰਦਰ ਦੀ ਗੱਡੀ ਅੱਤਵਾਦੀਆਂ ਨੇ ਖੋਹੀ ਸੀ। ਇਸ ਤੋਂ ਬਾਅਦ ਐਸਪੀ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਸੀ। ਸਲਵਿੰਦਰ ਨੇ ਉਸ ਵੇਲੇ ਕਿਹਾ ਸੀ ਕਿ ਉਸ ਨੂੰ ਪਾਕਿਸਤਾਨੀ ਅੱਤਵਾਦੀਆਂ ਨੇ ਅਗਵਾ ਕਰ ਲਿਆ ਸੀ। ਇਸ ਮਾਮਲੇ ਵਿੱਚ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਸਲਵਿੰਦਰ ਕੋਲੋਂ ਪੁੱਛਗਿੱਛ ਕੀਤੀ ਸੀ।