ਗਗਨਦੀਪ ਸ਼ਰਮਾ


ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੀ ਵੀਰਵਾਰ ਨੂੰ ਅਜਨਾਲਾ ਵਿੱਚ ਹੋਈ ਰੈਲੀ ਵਿੱਚੋਂ ਸੀਨੀਅਰ ਅਕਾਲੀ ਲੀਡਰ ਤੇ ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਦੀ ਗੈਰ ਹਾਜ਼ਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਰੈਲੀ ਵਿੱਚ ਹੀ ਅਜਨਾਲਾ ਦੇ ਬੇਟੇ ਅਮਰਪਾਲ ਸਿੰਘ ਸਿੰਘ ਬੋਨੀ ਅਜਨਾਲਾ ਨੂੰ ਉਮੀਦਵਾਰ ਐਲਾਨਿਆ ਗਿਆ ਸੀ। ਇਸ ਲਈ ਕਈ ਸਵਾਲ ਉੱਠਣ ਰਹੇ ਹਨ।ਹੁਣ ਅਜਨਾਲਾ ਹਲਕੇ ਤੋਂ ਉਮੀਦਵਾਰ ਐਲਾਨੇ ਉਨ੍ਹਾਂ ਦੇ ਬੇਟੇ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਸਫਾਈ ਦਿੰਦਿਆਂ ਕਿਹਾ ਕਿ ਸਮੁੱਚਾ ਅਜਨਾਲਾ ਪਰਿਵਾਰ ਮੇਰੇ ਮਾਤਾ, ਭਰਾ ਤੇ ਬੱਚੇ ਕੱਲ੍ਹ ਅਕਾਲੀ ਦਲ ਦੀ ਸਟੇਜ 'ਤੇ ਸਨ। ਇਸ ਲਈ ਜਿੱਥੇ ਪਰਿਵਾਰ ਹੋਵੇਗਾ, ਉੱਥੇ ਹੀ ਡਾ. ਅਜਨਾਲਾ ਹੋਣਗੇ। ਉਹ ਪਰਿਵਾਰ ਤੋਂ ਬਾਹਰ ਨਹੀਂ।


ਉਨ੍ਹਾਂ ਦੱਸਿਆ ਕਿ ਡਾ. ਅਜਨਾਲਾ ਦੇ ਲੱਕ 'ਚ ਦਰਦ ਸੀ ਜਿਸ ਕਰਕੇ ਉਹ ਰੈਲੀ 'ਚ ਨਹੀਂ ਆ ਸਕੇ ਪਰ ਉਹ ਲਗਾਤਾਰ ਹਲਕੇ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ। ਬੋਨੀ ਨੇ ਕਿਹਾ ਕਿ ਮੀਡੀਆ 'ਚ ਜਾਣਬੁੱਝ ਕੇ ਸਾਡੇ ਪਰਿਵਾਰ ਦੀ ਇਕਜੁੱਟਤਾ ਤੇ ਸਵਾਲ ਉਠਾਏ ਜਾ ਰਹੇ ਹਨ ਜੋ ਬੇਬੁਨਿਆਦ ਹਨ। ਅਮਰਪਾਲ ਸਿੰਘ ਬੋਨੀ ਅੱਜ ਅੰਮ੍ਰਿਤਸਰ 'ਚ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨਾਲ ਮੁਲਾਕਾਤ ਕਰਨ ਪੁੱਜੇ ਸਨ।


ਅਮਰਪਾਲ ਸਿੰਘ ਬੋਨੀ ਤੇ ਉਨ੍ਹਾਂ ਦੇ ਪਿਤਾ ਡਾ. ਰਤਨ ਸਿੰਘ ਅਜਨਾਲਾ ਪਿਛਲੇ ਸਮੇਂ 'ਚ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਵਾਲੇ ਟਕਸਾਲੀ ਅਕਾਲੀ ਦਲ 'ਚ ਚਲੇ ਗਏ ਸਨ। ਬ੍ਰਹਮਪੁਰਾ ਤੇ ਸੇਵਾ ਸਿੰਘ ਸੇਖਵਾਂ ਬਾਰੇ ਪੁੱਛੇ ਸਵਾਲ 'ਤੇ ਬੋਨੀ ਨੇ ਕਿਹਾ ਕਿ ਉਹ ਉਨ੍ਹਾਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ ਪਰ ਸਾਰਿਆਂ ਨੂੰ ਮਿਲ ਕੇ ਅਕਾਲੀ ਦਲ ਨੂੰ ਮਜਬੂਤ ਕਰਨਾ ਚਾਹੀਦਾ ਹੈ। ਬੋਨੀ ਨੇ ਕਿਹਾ ਮਾਝੇ 'ਚੋਂ ਅਕਾਲੀ ਦਲ ਹੂੰਝਾਫੇਰ ਜਿੱਤ ਪ੍ਰਾਪਤ ਕਰੇਗਾ।


ਜਿਕਰਯੋਗ ਹੈ ਕਿ ਬੋਨੀ ਅਜਨਾਲਾ ਚਾਰ ਵਾਰ ਅਕਾਲੀ ਦਲ ਦੇ ਉਮੀਦਵਾਰ ਵਜੋਂ ਅਜਨਾਲਾ ਤੋਂ ਚੋਣ ਲੜ ਚੁੱਕੇ ਹਨ ਤੇ ਦੋ ਵਾਰ ਵਿਧਾਇਕ ਤੇ ਸੰਸਦੀ ਸਕੱਤਰ ਰਹੇ ਹਨ ਜਦਕਿ ਬੋਨੀ ਦੇ ਪਿਤਾ ਡਾ. ਰਤਨ ਸਿੰਘ ਅਜਨਾਲਾ ਪੰਜ ਵਾਰ ਵਿਧਾਇਕ, ਕੈਬਨਿਟ ਵਜੀਰ ਤੇ ਦੋ ਵਾਰ ਸੰਸਦ ਮੈਂਬਰ ਰਹੇ ਹਨ।