ਪੰਜਾਬ ਤੋਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਰਾਜ ਸਭਾ ਮੈਂਬਰ ਬਣ ਗਏ ਹਨ। ਅੱਜ ਮੰਗਲਵਾਰ ਨੂੰ ਉਸ ਦੀ ਜਿੱਤ 'ਤੇ ਮੋਹਰ ਲੱਗ ਗਈ। ਦਰਅਸਲ ਰਾਜ ਸਭਾ ਚੋਣਾਂ ਲਈ ਨਾਮਜ਼ਦਗੀਆਂ ਵਾਪਸ ਲੈਣ ਦੀ ਅੱਜ ਆਖਰੀ ਤਰੀਕ ਸੀ ਤੇ ਬਾਅਦ ਦੁਪਹਿਰ 3 ਵਜੇ ਤੋਂ ਬਾਅਦ ਨਤੀਜੇ ਐਲਾਨ ਦਿੱਤੇ ਗਏ ਹਨ। ਕਾਂਗਰਸ ਵੱਲੋਂ ਇਨ੍ਹਾਂ ਚੋਣਾਂ ਵਿੱਚ ਕੋਈ ਉਮੀਦਵਾਰ ਨਾ ਖੜ੍ਹੇ ਕਰਨ ਦੇ ਫੈਸਲੇ ਕਾਰਨ ਬਿੱਟੂ ਦੀ ਜਿੱਤ ਪਹਿਲਾਂ ਹੀ ਇੱਕਤਰਫਾ ਹੋ ਗਈ ਸੀ। ਇਸ ਤੋਂ ਬਾਅਦ ਕੇਂਦਰੀ ਮੰਤਰੀ ਬਿੱਟੂ ਨੇ ਪੀਐਮ ਮੋਦੀ ਦਾ ਧੰਨਵਾਦ ਕੀਤਾ।






ਇਨ੍ਹਾਂ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਵੱਲੋਂ ਉਮੀਦਵਾਰ ਨਾ ਉਤਾਰੇ ਜਾਣ ਤੋਂ ਬਾਅਦ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵਾਲਿਆਂ ਵਿੱਚ ਸਿਰਫ਼ 3 ਉਮੀਦਵਾਰ ਹੀ ਰਹਿ ਗਏ ਹਨ। ਭਾਜਪਾ ਦੇ ਡੰਮੀ ਉਮੀਦਵਾਰ ਸੁਨੀਲ ਕੋਠਾਰੀ ਪਹਿਲਾਂ ਹੀ ਆਪਣੀ ਨਾਮਜ਼ਦਗੀ ਵਾਪਸ ਲੈ ਚੁੱਕੇ ਹਨ। ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰ ਬਬੀਤਾ ਵਾਧਵਾਨੀ ਦਾ ਵੀ ਨਾਮਜ਼ਦਗੀ ਪੱਤਰ ਸੀ, ਜਿਸ ਨੂੰ ਜਾਂਚ ਮਗਰੋਂ ਰੱਦ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਸਿਰਫ ਬਿੱਟੂ ਹੀ ਮੈਦਾਨ 'ਚ ਰਹਿ ਗਏ।


ਰਾਜਸਥਾਨ ਵਿੱਚ ਕੁੱਲ 200 ਵਿਧਾਨ ਸਭਾ ਸੀਟਾਂ ਹਨ, ਪਰ 6 ਸੀਟਾਂ ਖਾਲੀ ਹਨ। ਅਜਿਹੀ ਸਥਿਤੀ ਵਿੱਚ ਜੇਕਰ ਅਸੀਂ 194 ਨੂੰ 2 ਨਾਲ ਵੰਡਦੇ ਹਾਂ ਤੇ ਨਤੀਜੇ ਵਿੱਚ 1 ਜੋੜਦੇ ਹਾਂ, ਤਾਂ ਸੰਖਿਆ 98 ਹੋਵੇਗੀ। ਇਸ ਤਰ੍ਹਾਂ ਰਾਜ ਸਭਾ ਚੋਣਾਂ ਜਿੱਤਣ ਲਈ 98 ਵੋਟਾਂ ਦੀ ਲੋੜ ਹੈ। ਭਾਜਪਾ ਕੋਲ 114 ਵਿਧਾਇਕ ਹਨ, ਜਦਕਿ ਕਾਂਗਰਸ ਕੋਲ ਸਿਰਫ਼ 66 ਵਿਧਾਇਕ ਹਨ। ਗਿਣਤੀ ਦੇ ਹਿਸਾਬ ਨਾਲ ਭਾਜਪਾ ਦੀ ਜਿੱਤ ਯਕੀਨੀ ਹੈ।


ਬਿੱਟੂ ਦੂਜੀ ਵਾਰ ਵੀ ਕਿਸੇ ਹੋਰ ਸੂਬੇ ਤੋਂ ਲੜਨਗੇ ਚੋਣ 


ਕਾਂਗਰਸ ਦੇ ਕੇਸੀ ਵੇਣੂਗੋਪਾਲ ਦੇ ਲੋਕ ਸਭਾ ਮੈਂਬਰ ਚੁਣੇ ਜਾਣ ਤੋਂ ਬਾਅਦ ਖਾਲੀ ਹੋਈ ਸੀਟ 'ਤੇ ਇਹ ਉਪ ਚੋਣ ਹੋ ਰਹੀ ਹੈ। ਇਸ ਸੀਟ 'ਤੇ ਮੈਂਬਰਸ਼ਿਪ ਦਾ ਕਾਰਜਕਾਲ 21 ਜੂਨ 2026 ਤੱਕ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਰਾਜਸਥਾਨ ਵਿੱਚ ਰਾਜ ਸਭਾ ਦੀਆਂ ਕੁੱਲ 10 ਸੀਟਾਂ ਹਨ। ਇਸ ਸਮੇਂ ਭਾਜਪਾ ਕੋਲ 4 ਅਤੇ ਕਾਂਗਰਸ ਕੋਲ 5 ਸੀਟਾਂ ਹਨ। ਅਜਿਹੇ 'ਚ ਰਵਨੀਤ ਬਿੱਟੂ ਦੀ ਮੈਂਬਰਸ਼ਿਪ ਜੂਨ 2026 'ਚ ਖਤਮ ਹੋ ਜਾਵੇਗੀ ਜਿਸ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਬਣੇ ਰਹਿਣ ਲਈ ਬਿੱਟੂ ਨੂੰ ਮੁੜ ਰਾਜ ਸਭਾ ਤੱਕ ਪਹੁੰਚ ਕਰਨੀ ਪਵੇਗੀ। ਪੰਜਾਬ ਦੀ ਗੱਲ ਕਰੀਏ ਤਾਂ 2028 ਤੋਂ ਪਹਿਲਾਂ ਇੱਥੇ 7 ਸੀਟਾਂ ਵਿੱਚੋਂ ਕੋਈ ਵੀ ਖਾਲੀ ਨਹੀਂ ਹੋਵੇਗੀ। ਇਸ ਦੇ ਨਾਲ ਹੀ ਅਗਲੀਆਂ ਲੋਕ ਸਭਾ ਚੋਣਾਂ ਵੀ 2029 ਵਿੱਚ ਹੋਣੀਆਂ ਹਨ।