ਚੰਡੀਗੜ੍ਹ: ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਕਾਂਗਰਸ ਵਿੱਚ ਸਾਰੇ ਇਕੱਠੇ ਹਨ। ਨਵਜੋਤ ਸਿੱਧੂ ਨੂੰ ਅਹੁਦਾ ਦੇਣ ਬਾਰੇ ਚੱਲ ਰਹੀ ਚਰਚਾ ਬਾਰੇ ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਵਿਅਕਤੀ ਦੀ ਸੀਨੀਅਰਤਾ, ਉਸ ਦਾ ਕੰਮ ਤੇ ਪੀੜੀ ਦਰ ਪੀੜੀ ਦੇਣ ਨੂੰ ਦੇਖਿਆ ਜਾਂਦਾ ਹੈ।


ਉਨ੍ਹਾਂ ਕਿਹਾ ਕਿ ਕਿਸੇ ਵੀ ਨਵੇਂ ਵਿਅਕਤੀ ਨੂੰ ਵੀ ਮੌਕਾ ਮਿਲੇਗਾ, ਪਰ ਜੇਕਰ ਵੇਖਿਆ ਜਾਏ ਤਾ ਨਵਾਂ ਲੜਕਾ ਪਹਿਲਾਂ ਕਲੈਰੀਕਲ ਪੋਸਟ 'ਤੇ ਆਏਗਾ ਫਿਰ ਹੌਲੀ-ਹੌਲੀ ਉਸ ਨੂੰ ਸੈਕਟਰੀ ਬਣਾਇਆ ਜਾਏਗਾ। ਸਿੱਧਾ ਉਸ ਨੂੰ ਸੈਕਟਰੀ ਦੀ ਪੋਸਟ ਥੋੜ੍ਹੀ ਦੇ ਸਕਦੇ ਹਾਂ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ 'ਤੇ ਫੈਸਲਾ ਸੋਨੀਆ ਗਾਂਧੀ ਨੇ ਕਰਨਾ ਹੈ ਪਰ ਜੇ ਕੋਈ ਬੋਲੇ ਕਿ ਮੈਂ ਕਿਸੇ ਹੇਠਾਂ ਕੰਮ ਨਹੀਂ ਕਰਨਾ, ਪਾਰਟੀ ਅੰਦਰ ਰਹਿ ਕੇ ਕੋਈ ਕਿਸੇ ਤੇ ਬਿਆਨਬਾਜ਼ੀ ਕਰੇ, ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।


ਇਸ ਮੌਕੇ ਕੈਬਨਿਟ ਮੰਤਰੀ ਭਾਰਤ ਭੁਸ਼ਨ ਆਸ਼ੂ ਨੇ ਕਿਹਾ ਕਿ ਸਾਰੇ ਕਾਂਗਰਸੀਆਂ ਨੂੰ ਉਨ੍ਹਾਂ ਦੀ ਵਾਜ਼ਬ ਜਗ੍ਹਾ ਮਿਲ ਰਹੀ ਹੈ।  ਪੱਤਾਪ ਬਾਜਵਾ ਜੀ ਸਾਡੇ ਸੀਨੀਅਰ ਤੇ ਸਿੱਧੂ ਸਾਹਬ ਵੀ ਸਾਡੇ ਸੀਨੀਅਰ ਹਨ। ਕਿਸੇ ਨੂੰ ਵੀ ਅਣਦੇਖਿਆ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ 2022 ਚੋਣਾਂ ਲਈ ਸੀਐਮ ਦੇ ਅਹੁਦੇ ਲਈ ਚਿਹਰਾ ਇੱਕ ਹੀ ਹੈ, ਇਸ ਵਿੱਚ ਕੋਈ ਦੋ ਰਾਏ ਨਹੀਂ। ਕਾਂਗਰਸ ਪਾਰਟੀ ਇਕੱਠੇ ਹੋ ਕੇ ਲੜਾਈ ਲੜੇਗੀ। ਬਾਜਵਾ ਤੇ ਕੈਪਟਨ ਇੱਕੋ ਫਰੇਮ ਵਿੱਚ ਨਜ਼ਰ ਆਉਣਗੇ।


ਖੇਡ ਮੰਤਰੀ ਰਾਣਾ ਸੋਢੀ ਨੇ ਕਿਹਾ ਕਿ ਪ੍ਰਤਾਪ ਬਾਜਵਾ ਤੇ ਕੈਪਟਨ ਪਹਿਲਾਂ ਵੀ ਇੱਕੋ ਫਰੇਮ ਵਿੱਚ ਹੀ ਸੀ ਪਰ ਸ਼ਾਇਦ ਇਹ ਤੁਹਾਨੂੰ ਨਜ਼ਰ ਨਹੀਂ ਆ ਰਿਹਾ। ਵਿਚਾਰਾਂ ਦੇ ਵੱਖਰੇਵੇਂ ਹੁੰਦੇ ਨੇ ਪਰ ਚੋਣਾਂ ਵਿੱਚ ਸਭ ਇਕੱਠੇ ਹੁੰਦੇ ਹਨ। ਚੋਣਾਂ ਵਿੱਚ ਸਾਰੀ ਕਾਂਗਰਸ ਇਕੱਠੀ ਹੈ। ਅਸੀਂ ਇਕਜੁਟ ਹੋ ਕੇ ਇਲੈਕਸ਼ਨ ਲੜਾਂਗੇ। ਕੈਪਟਨ ਤੇ ਬਾਜਵਾ ਵਿੱਚ ਕੋਈ ਵੀ ਗਿਲਾ-ਸ਼ਿਕਵਾ ਨਹੀਂ ਹੈ।