Punjab News: ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ 'ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ 'ਤੇ “ਆਪਰੇਸ਼ਨ ਸਿੰਦੂਰ” ਦਾ ਮਜ਼ਾਕ ਉਡਾਉਣ ਅਤੇ ਪਹਿਲਗਾਮ ਕਤਲੇਆਮ ਵਿੱਚ ਪਾਕਿਸਤਾਨ ਪ੍ਰੇਰਿਤ ਦਹਿਸ਼ਤਗਰਦਾਂ ਵੱਲੋਂ ਮਾਰੇ ਗਏ ਲੋਕਾਂ ਦੀਆਂ ਵਿਧਵਾਵਾਂ ਦਾ ਅਪਮਾਨ ਕਰਨ ਦੇ ਗੰਭੀਰ ਦੋਸ਼ ਲਗਾਏ ਹਨ।

ਬਿੱਟੂ ਨੇ ਇਸਨੂੰ ਇੱਕ ਸੰਵੇਦਨਸ਼ੀਲ ਰਾਸ਼ਟਰੀ ਸੁਰੱਖਿਆ ਮਾਮਲੇ 'ਤੇ “ਸਸਤੀ ਰਾਜਨੀਤਿਕ ਟਿੱਪਣੀ” ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ, “ਮੈਨੂੰ ਉਮੀਦ ਨਹੀਂ ਸੀ ਕਿ ਭਗਵੰਤ ਮਾਨ ਇੰਨਾ ਥੱਲੇ ਡਿੱਗ ਜਾਣਗੇ ਕਿ ਪਹਿਲਗਾਮ ਦੀਆਂ ਵਿਧਵਾਵਾਂ ਦਾ ਮਜ਼ਾਕ 'One Nation, One Husband' ਵਰਗੇ ਘਟੀਆ ਸ਼ਬਦਾਂ ਨਾਲ ਉਡਾਉਣਗੇ।

ਬਿੱਟੂ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਵਾਂ 'ਤੇ ਫੌਜ ਦੀ ਬਹਾਦਰੀ ਨੂੰ ਰਾਜਨੀਤਿਕ ਰੰਗ ਦੇਣ ਤੇ ਸ਼ਹੀਦਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਕੁਰਬਾਨੀ ਦੀ ਅਣਦੇਖੀ ਕਰਨ ਦੇ ਦੋਸ਼ ਲਾਏ। ਉਨ੍ਹਾਂ ਨੇ ਕਿਹਾ, “ਹਿੰਦੁਸਤਾਨੀ ਫੌਜ ਨੇ ਸ਼ਲਾਘਾਯੋਗ ਕਾਰਵਾਈ ਕੀਤੀ, ਪਰ ਉਨ੍ਹਾਂ ਨੂੰ ਹਰੀ ਝੰਡੀ ਦੇਣ ਦਾ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਆ — ਇੱਕ ਅਜਿਹਾ ਨੇਤਾ ਜਿਸ ਉੱਤੇ ਪੂਰਾ ਦੇਸ਼ ਭਰੋਸਾ ਕਰਦਾ ਹੈ।”

ਉਨ੍ਹਾਂ ਨੇ ਮੁੱਖ ਮੰਤਰੀ ਮਾਨ ਤੋਂ “One Nation, One Husband” ਵਾਲੀ ਟਿੱਪਣੀ ਲਈ ਬੇਸ਼ਰਤੀ ਮਾਫੀ ਮੰਗਣ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ, “ਤੁਸੀਂ ਪੁਰਾਣੇ ਕਾਮੇਡੀਅਨ ਹੋ ਸਕਦੇ ਹੋ, ਪਰ ਇਸਦਾ ਇਹ ਅਰਥ ਨਹੀਂ ਕਿ ਤੁਸੀਂ ਸ਼ਹੀਦਾਂ ਦੀਆਂ ਪਤਨੀਆਂ ਜਾਂ ਸਾਡੇ ਜਵਾਨਾਂ ਦੀ ਬਹਾਦਰੀ ਦਾ ਮਜ਼ਾਕ ਉਡਾ ਸਕੋ।” 

ਰਾਜਾ ਵੜਿੰਗ ਵੱਲ ਮੋੜ ਲੈਂਦੇ ਹੋਏ, ਬਿੱਟੂ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਨੇ ਵੀ ਫੌਜ ਦੀ ਕਾਰਵਾਈ 'ਤੇ ਸਵਾਲ ਚੁੱਕਣ ਲਈ ਆਪ ਨਾਲ ਹੱਥ ਮਿਲਾਇਆ। ਉਨ੍ਹਾਂ ਦੱਸਿਆ, “ਵੜਿੰਗ ਨੇ ਫੌਜੀ ਕਾਰਵਾਈ ਦੀ ਸਫਲਤਾ ਦਾ ਸਬੂਤ ਮੰਗਿਆ ਤੇ ਇਹ ਕਿਹਾ ਕਿ ਫੌਜ ਨੂੰ ਪਾਕਿਸਤਾਨੀ ਜੈੱਟ ਦੇ ਅਵਸ਼ੇਸ਼ ਦਿਖਾਉਣੇ ਚਾਹੀਦੇ ਹਨ। ਇਹ ਸਾਡੀ ਆਪਣੀ ਫੌਜ 'ਤੇ ਭਰੋਸੇ ਦੀ ਘਾਟ ਨੂੰ ਦਰਸਾਉਂਦਾ ਹੈ ਅਤੇ ਦੇਸ਼ ਦੀ ਬੇਇੱਜ਼ਤੀ ਹੈ।”

ਬਿੱਟੂ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਲੰਬੇ ਸਮੇਂ ਤੋਂ ਪਾਕਿਸਤਾਨ ਅਤੇ ਉਸਦੇ ਹਮਦਰਦਾਂ ਲਈ ਨਰਮ ਰਵੱਈਆ ਰਖਦੀ ਆਈ ਹੈ। ਉਨ੍ਹਾਂ ਨੇ ਕਿਹਾ, “ਫੌਜ 'ਤੇ ਸਵਾਲ ਚੁੱਕਣਾ ਸਾਡੇ ਦੁਸ਼ਮਣਾਂ ਦੀ ਹੌਸਲਾ ਅਫ਼ਜ਼ਾਈ ਕਰਦਾ ਹੈ।  ਬਿੱਟੂ ਨੇ ਅਖੀਰ 'ਚ ਸਾਰੇ ਰਾਜਨੀਤਿਕ ਨੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਰਾਜਨੀਤਿਕ ਹੱਦਾਂ ਤੋਂ ਉੱਪਰ ਉੱਠ ਕੇ ਰਾਸ਼ਟਰੀ ਸੁਰੱਖਿਆ ਯਤਨਾਂ ਦੀ ਹਮਾਇਤ ਕਰਨ।