Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਅਤੇ ਆਮ ਆਦਮੀ ਪਾਰਟੀ (AAP) ਸੁਪਰੀਮੋ ਅਰਵਿੰਦ ਕੇਜਰੀਵਾਲ (Arvind Kejriwal) ਨੇ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ 'ਮੁੱਖ ਮੰਤਰੀ ਸਿਹਤ ਬੀਮਾ ਯੋਜਨਾ' ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਤਹਿਤ ਪੰਜਾਬ ਦੇ ਹਰ ਵਿਅਕਤੀ ਲਈ ਸਿਹਤ ਕਾਰਡ ਬਣਾਏ ਜਾਣਗੇ। ਸਿਹਤ ਕਾਰਡ ਨਾਲ ਉਨ੍ਹਾਂ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲੇਗਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਯੋਜਨਾ ਵਿੱਚ ਵੱਡੇ ਹਸਪਤਾਲ ਸ਼ਾਮਲ ਹਨ। ਲੋਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਪਹਿਲਾਂ ਲੋਕ ਨੀਲੇ ਅਤੇ ਪੀਲੇ ਕਾਰਡਾਂ ਦੀ ਪਰੇਸ਼ਾਨੀ ਵਿੱਚ ਫਸੇ ਰਹਿੰਦੇ ਸਨ। ਹੁਣ ਸਿਹਤ ਕਾਰਡ ਰਾਹੀਂ ਅਸੀਂ ਫੈਸਲਾ ਕੀਤਾ ਹੈ ਕਿ ਜੋ ਵੀ ਪੰਜਾਬ ਦਾ ਵਸਨੀਕ ਹੈ, ਉਸਨੂੰ ਹਰ ਹਾਲਤ ਵਿੱਚ ਇਲਾਜ ਮਿਲੇਗਾ ਪਰ ਹੁਣ ਇਸ ਨੂੰ ਲੈ ਕੇ ਹੁਣ ਵਿਵਾਦ ਖੜ੍ਹਾ ਹੁੰਦਾ ਜਾਪਦਾ ਹੈ
ਦਰਅਸਲ, ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਰਪ੍ਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਸਾਫ਼-ਸਾਫ਼ ਦੱਸ ਸਕਦੇ ਹਨ ਕਿ ਉਨ੍ਹਾਂ ਵੱਲੋਂ ਸਾਂਝੇ ਤੌਰ 'ਤੇ ਸ਼ੁਰੂ ਕੀਤੀ ਗਈ ਸਿਹਤ ਬੀਮਾ ਯੋਜਨਾ ਦਾ ਅਸਲੀ ਨਾਮ ਕੀ ਹੈ?
ਇਸ ਯੋਜਨਾ ਦਾ ਨਾਮ ਹੈ: ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ (AB PM-JAY MMSBY)। ਇਸ ਸਕੀਮ ਦੇ ਤਹਿਤ ਤਕਰੀਬਨ 16.65 ਲੱਖ SECC ਪਰਿਵਾਰਾਂ ਦੀ ਪ੍ਰੀਮੀਅਮ ਰਕਮ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ 60:40 ਅਨੁਪਾਤ ਵਿੱਚ ਭਰੀ ਜਾਂਦੀ ਹੈ।
ਸਰਕਾਰ ਮੁਤਾਬਕ, ਇਹ ਨਵੀਂ ਯੋਜਨਾ ਆਯੁਸ਼ਮਾਨ ਯੋਜਨਾ ਤੋਂ ਕਿੰਨੀ ਵੱਖਰੀ ?
ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ ਪੰਜਾਬ ਵਿੱਚ ਪਹਿਲਾਂ ਹੀ ਚੱਲ ਰਹੀ ਹੈ, ਜਿਸ ਤਹਿਤ ਸਰਕਾਰੀ ਅਤੇ ਪੈਨਲ ਹਸਪਤਾਲਾਂ ਵਿੱਚ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਉਪਲਬਧ ਹੈ। ਸੂਬੇ ਦੇ 80 ਪ੍ਰਤੀਸ਼ਤ ਲੋਕ ਇਸ ਯੋਜਨਾ ਦੇ ਅਧੀਨ ਆਉਂਦੇ ਹਨ। ਇਸ ਤੋਂ ਇਲਾਵਾ, ਆਯੁਸ਼ਮਾਨ ਭਾਰਤ ਯੋਜਨਾ ਕੇਂਦਰ ਸਰਕਾਰ ਦੁਆਰਾ ਚਲਾਈ ਜਾ ਰਹੀ ਹੈ, ਜੋ ਕਿ ਭਾਰਤ ਭਰ ਦੇ ਸਰਕਾਰੀ ਅਤੇ ਸੂਚੀਬੱਧ ਹਸਪਤਾਲਾਂ ਵਿੱਚ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਨੂੰ 5 ਲੱਖ ਰੁਪਏ ਤੱਕ ਦਾ ਇਲਾਜ ਪ੍ਰਦਾਨ ਕਰਦੀ ਹੈ। ਇਹ ਯੋਜਨਾ ਸਾਰੇ ਰਾਜਾਂ ਵਿੱਚ ਲਾਗੂ ਹੈ, ਪਰ ਇਸ ਵਿੱਚ ਰਾਜ ਸਰਕਾਰ ਦੀ ਭਾਗੀਦਾਰੀ ਜ਼ਰੂਰੀ ਹੈ।
ਹੁਣ ਪੰਜਾਬ ਸਰਕਾਰ ਜੋ ਨਵੀਂ ਯੋਜਨਾ ਲੈ ਕੇ ਆਈ ਹੈ, ਉਸ ਦਾ ਲਾਭ ਹਰ ਉਮਰ ਵਰਗ ਦੇ ਲੋਕ ਲੈ ਸਕਣਗੇ। ਇਸ ਯੋਜਨਾ ਵਿੱਚ ਅਜਿਹੀ ਕੋਈ ਸ਼ਰਤ ਨਹੀਂ ਹੈ ਕਿ ਸਿਰਫ਼ ਇੰਨੇ ਪ੍ਰਤੀਸ਼ਤ ਲੋਕਾਂ ਨੂੰ ਹੀ ਇਸਦਾ ਲਾਭ ਮਿਲੇਗਾ, ਪਰ ਇਸ ਲਈ ਸਿਰਫ਼ ਪੰਜਾਬ ਦਾ ਨਿਵਾਸੀ ਹੋਣਾ ਜ਼ਰੂਰੀ ਹੈ।