ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


ਚੰਡੀਗੜ੍ਹ: ਕਾਂਗਰਸ ਦੀ ਪੰਜਾਬ ਇਕਾਈ ਵਿੱਚ ਮਤਭੇਦ ਸੁਲਝਾਉਣ ਲਈ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨੇ ਵੀਰਵਾਰ ਨੂੰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਪਾਰਟੀ ਸੂਤਰਾਂ ਮੁਤਾਬਕ ਇਸ ਰਿਪੋਰਟ ਵਿੱਚ ਸੁਝਾਅ ਦਿੱਤੇ ਗਏ ਹਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਮਾਂਡ ਵਿੱਚ ਰਹਿਣਾ ਚਾਹੀਦਾ ਹੈ ਤੇ ਸਾਬਕਾ ਮੰਤਰੀ ਨਵਜੋਤ ਸਿੱਧੂ ਨੂੰ ਸੂਬੇ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਸਨਮਾਨ ਵਾਲਾ ਅਹੁਦੇ ਦੇ ਨਾਲ-ਨਾਲ ਪਾਰਟੀ ਅੰਦਰ ਵੀ ਅਹਿਮ ਜ਼ਿੰਮੇਵਾਰੀ ਦੇਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸੂਬਾ ਪ੍ਰਧਾਨ ਬਦਲਣ ਦੀ ਵੀ ਚਰਚਾ ਹੈ। ਇਨ੍ਹਾਂ ਸਿਫਾਰਸ਼ਾਂ ਸਬੰਧੀ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸ਼ੁੱਕਰਵਾਰ ਨੂੰ ਆਪਣਾ ਜਵਾਬ ਦਿੱਤਾ ਹੈ।


ਨਵਜੋਤ ਸਿੱਧੂ ਨੂੰ ਸਤਿਕਾਰਤ ਅਹੁਦਾ ਦੇਣ ਦੇ ਪ੍ਰਸਤਾਵ 'ਤੇ ਜਾਖੜ ਨੇ ਕਿਹਾ, "ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਸਾਰੇ ਨੇਤਾ ਪਹਿਲਾਂ ਹੀ ਮੰਨਦੇ ਹਨ ਕਿ ਨਵਜੋਤ ਸਿੱਧੂ ਨੂੰ ਉਨ੍ਹਾਂ ਦੇ ਅਹੁਦੇ ਮੁਤਾਬਕ ਪਾਰਟੀ ਵਿੱਚ ਥਾਂ ਮਿਲਣੀ ਚਾਹੀਦੀ ਹੈ। ਇਸ ਲਈ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨਾਲ ਗੱਲਬਾਤ ਕਰਕੇ ਕੋਸ਼ਿਸ਼ ਕੀਤੀ ਸੀ। ਅਜਿਹੀ ਸਥਿਤੀ ਵਿੱਚ ਹਾਈ ਕਮਾਨ ਦਾ ਜੋ ਵੀ ਹੁਕਮ ਹੋਵੇਗਾ, ਉਸ ਦਾ ਪਾਲਣ ਕੀਤਾ ਜਾਵੇਗਾ।"



ਸੂਬਾ ਪ੍ਰਧਾਨ ਨੂੰ ਹਟਾਉਣ ਦੀ ਸਿਰਫਾਰਸ਼ 'ਤੇ ਸੁਨੀਲ ਜਾਖੜ ਨੇ ਕਿਹਾ, "ਜੇਕਰ ਮੇਰਾ ਅਸਤੀਫ਼ਾ ਪਾਰਟੀ ਵਿੱਚ ਪੰਜਾਬ ਨੂੰ ਮਜਬੂਤ ਕਰਦਾ ਹੈ ਤੇ ਕਾਂਗਰਸ ਹਾਈ ਕਮਾਂਡ ਨੂੰ ਲੱਗਦਾ ਹੈ ਕਿ ਕੋਈ ਹੋਰ ਨੇਤਾ ਮੇਰੇ ਨਾਲੋਂ ਬਿਹਤਰ ਪੰਜਾਬ ਕਾਂਗਰਸ ਚਲਾ ਸਕਦਾ, ਤਾਂ ਮੈਂ ਉਨ੍ਹਾਂ ਦਾ ਸਵਾਗਤ ਕਰਾਂਗਾ ਤੇ ਇਸ ਲਈ ਤਿਆਰ ਹਾਂ। ਮੈਂ ਆਪਣੇ ਆਪ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਲਈ ਤਿਆਰ ਹਾਂ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅਹੁਦੇ 'ਤੇ ਕੌਣ ਹੈ, ਸਾਡੇ ਲਈ ਪਾਰਟੀ ਨੂੰ ਅੱਗੇ ਲਿਜਾਣਾ ਵਧੇਰੇ ਜ਼ਰੂਰੀ ਹੈ।"


ਇਸ ਦੇ ਨਾਲ ਹੀ ਕਾਂਗਰਸ ਨੇਤਾਵਾਂ ਦਰਮਿਆਨ ਚੱਲ ਰਹੇ ਪੋਸਟਰ ਵਾਰ 'ਤੇ ਉਨ੍ਹਾਂ ਕਿਹਾ ਕਿ ਇਸ ਵਿੱਚ ਕੁਝ ਵੀ ਗਲਤ ਨਹੀਂ ਤੇ ਕੋਈ ਵੀ ਆਗੂ ਪੋਸਟਰ ਰਾਹੀਂ ਆਪਣੀ ਗੱਲ ਜਾਂ ਰਾਏ ਜ਼ਾਹਰ ਕਰ ਸਕਦਾ ਹੈ।


2022 ਦੀਆਂ ਵਿਧਾਨ ਸਭਾ ਚੋਣਾਂ 'ਚ ਅਮਰਿੰਦਰ ਸਿੰਘ ਕਰਨਗੇ ਅਗਵਾਈ
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਲਈ 3 ਮੈਂਬਰੀ ਕਮੇਟੀ ਦੇ ਸੁਝਾਅ 'ਤੇ ਜਾਖੜ ਨੇ ਕਿਹਾ ਕਿ ਸੋਨੀਆ ਗਾਂਧੀ ਤੇ ਕਾਂਗਰਸ ਹਾਈ ਕਮਾਨ ਇਸ ਪੂਰੇ ਮੁੱਦੇ 'ਤੇ ਫੈਸਲਾ ਕਰੇਗੀ। ਉਨ੍ਹਾਂ ਕਿਹਾ, “ਉਨ੍ਹਾਂ ਨੇ ਕਮੇਟੀ ਸਾਹਮਣੇ ਆਪਣੀ ਰਾਏ ਵੀ ਰੱਖੀ ਹੈ। ਇਹ ਸਪੱਸ਼ਟ ਹੈ ਕਿ ਪਾਰਟੀ ਵਿੱਚ ਸਿਰਫ ਇੱਕ ਕੈਪਟਨ ਹੈ ਤੇ ਕੈਪਟਨ ਅਮਰਿੰਦਰ ਸਿੰਘ ਸਾਡੇ ਮਜ਼ਬੂਤ ਤੇ ਵੱਡੇ ਨੇਤਾ ਹਨ, ਪਰ ਅਸੀਂ ਸਿਰਫ ਇਸ ਬਾਰੇ ਆਪਣੀ ਰਾਏ ਦੇ ਸਕਦੇ ਹਾਂ ਕਿ ਅਗਲੀਆਂ ਚੋਣਾਂ ਵਿੱਚ ਉਨ੍ਹਾਂ ਨੂੰ ਇੱਕ ਚਿਹਰਾ ਬਣਾਇਆ ਜਾਵੇ ਜਾਂ ਨਹੀਂ, ਪਰ ਅੰਤਮ ਫੈਸਲਾ ਹਾਈ ਕਮਾਨ ਵੱਲੋਂ ਲਿਆ ਜਾਂਦਾ ਹੈ ਤੇ ਸੋਨੀਆ ਗਾਂਧੀ ਨੂੰ ਇਹ ਕਰਨਾ ਪਏਗਾ।”


ਇਸ ਦੇ ਨਾਲ ਹੀ ਜਾਖੜ ਨੇ ਕਿਹਾ ਕਿ ਕਾਂਗਰਸ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਪੂਰੀ ਤਾਕਤ ਨਾਲ ਲੜੇਗੀ। ਮੈਂ ਪਹਿਲੇ ਦਿਨ ਤੋਂ ਹੀ ਕਹਿੰਦਾ ਆ ਰਿਹਾ ਹਾਂ ਕਿ ਜੇ ਕਿਸੇ ਹੋਰ ਨੂੰ ਪੀਸੀਸੀ ਮੁਖੀ ਨਿਯੁਕਤ ਕਰਨਾ ਕਾਂਗਰਸ ਪਾਰਟੀ ਨੂੰ ਮਜ਼ਬੂਤ ਬਣਾਉਂਦਾ ਹੈ ਤਾਂ ਇਹ ਕੀਤਾ ਜਾਣਾ ਚਾਹੀਦਾ ਹੈ ਤੇ ਮੈਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ।


ਹਾਸਲ ਜਾਣਕਾਰੀ ਮੁਤਾਬਕ ਹਾਈ ਕਮਾਨ ਨੇ ਪੰਜਾਬ ਕੈਬਨਿਟ ਵਿੱਚ ਫੇਰਬਦਲ ਕਰਨ ਤੇ ਪੰਜਾਬ ਕਾਂਗਰਸ ਦੇ ਪੁਨਰਗਠਨ ਵਿੱਚ ਨਾਰਾਜ਼ ਨੇਤਾਵਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਦਾ ਮਨ ਬਣਾਇਆ ਹੈ। ਅਜਿਹੀ ਸਥਿਤੀ ਵਿੱਚ ਨਵਜੋਤ ਸਿੱਧ ਨੂੰ ਕੈਪਟਨ ਦੇ ਮੰਤਰੀ ਮੰਡਲ ਵਿੱਚ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ। ਹਾਲਾਂਕਿ, ਸਿੱਧੂ ਨੇ ਮੰਤਰੀ ਅਹੁਦੇ ਨੂੰ ਰੱਦ ਕਰਦਿਆਂ 2019 ਵਿੱਚ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।


ਇਹ ਵੀ ਪੜ੍ਹੋ: Dilip Kumar Health: ਦਿਲੀਪ ਕੁਮਾਰ ਨੂੰ ਮਿਲੀ ਹਸਪਤਾਲੋਂ ਛੁੱਟੀ, ਸਾਇਰਾ ਬਾਨੋ ਨੇ ਕਿਹਾ ਫੈਨਸ ਦੀਆਂ ਅਰਦਾਸਾਂ ਆਈਆਂ ਕੰਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904