ਬੇਅਦਬੀ ਮਾਮਲੇ ਦਾ ਵੱਡਾ ਸੱਚ ਆਇਆ ਸਾਹਮਣੇ
ਏਬੀਪੀ ਸਾਂਝਾ | 14 May 2019 12:32 PM (IST)
ਮਲੇਰਕੋਟਲਾ ਦੇ ਪਿੰਡ ਹਥੋਆ ਦੇ ਗੁਰਦਵਾਰਾ ਸਾਹਿਬ ’ਚ ਬੇਅਦਬੀ ਦੀ ਘਟਨਾ ਬਾਰੇ ਵੱਡਾ ਸੱਚ ਸਾਹਮਣੇ ਆਇਆ ਹੈ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਹ ਬੇਅਦਬੀ ਦੀ ਘਟਨਾ ਨਹੀਂ ਸੀ ਬਲਕਿ ਗੁਰਦੁਆਰਾ ਸਾਹਿਬ ਵਿੱਚ ਅਚਾਨਕ ਅੱਗ ਲੱਗਣ ਕਰਕੇ ਵਾਪਰਿਆ ਸੀ। ਗ੍ਰੰਥੀ ਸਿੰਘ ਨੇ ਨੌਕਰੀ ਤੇ ਕੁਤਾਹੀ ਲਈ ਜ਼ਿੰਮੇਵਾਰ ਠਹਿਰਾਏ ਜਾਣ ਦੇ ਡਰੋਂ ਬੇਅਦਬੀ ਦੀ ਝੂਠੀ ਕਹਾਣੀ ਘੜੀ ਸੀ।
ਚੰਡੀਗੜ੍ਹ: ਮਲੇਰਕੋਟਲਾ ਦੇ ਪਿੰਡ ਹਥੋਆ ਦੇ ਗੁਰਦਵਾਰਾ ਸਾਹਿਬ ’ਚ ਬੇਅਦਬੀ ਦੀ ਘਟਨਾ ਬਾਰੇ ਵੱਡਾ ਸੱਚ ਸਾਹਮਣੇ ਆਇਆ ਹੈ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਹ ਬੇਅਦਬੀ ਦੀ ਘਟਨਾ ਨਹੀਂ ਸੀ ਬਲਕਿ ਗੁਰਦੁਆਰਾ ਸਾਹਿਬ ਵਿੱਚ ਅਚਾਨਕ ਅੱਗ ਲੱਗਣ ਕਰਕੇ ਵਾਪਰਿਆ ਸੀ। ਗ੍ਰੰਥੀ ਸਿੰਘ ਨੇ ਨੌਕਰੀ ਤੇ ਕੁਤਾਹੀ ਲਈ ਜ਼ਿੰਮੇਵਾਰ ਠਹਿਰਾਏ ਜਾਣ ਦੇ ਡਰੋਂ ਬੇਅਦਬੀ ਦੀ ਝੂਠੀ ਕਹਾਣੀ ਘੜੀ ਸੀ। ਪੰਜਾਬ ਸਰਕਾਰ ਨੇ ਦਾਅਵਾ ਕੀਤਾਹੈ ਕਿ ਇਹ ਮਾਮਲਾ ਚੰਡੀਗੜ੍ਹ, ਲੁਧਿਆਣਾ ਤੇ ਸੰਗਰੂਰ ਦੀਆਂ ਫੋਰੈਂਸਿਕ ਮਾਹਿਰ ਟੀਮਾਂ ਦੇ ਠੋਸ ਤੇ ਸਾਂਝੇ ਉਪਰਾਲੇ ਸਦਕਾ ਹੱਲ ਹੋਇਆ। ਇਸ ਵਿੱਚ ਪੰਜਾਬ ਪੁਲਿਸ ਵੱਲੋਂ ਮੁੰਬਈ ਤੋਂ ਗੋਪਾਲ ਰੇਲਕਰ ਦੀ ਅਗਵਾਈ ਹੇਠ ਲਿਆਂਦੀ ਮਾਹਿਰਾਂ ਦੀ ਟੀਮ ਦਾ ਵੀ ਸਹਿਯੋਗ ਲਿਆ ਗਿਆ। ਪੁਲਿਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਗੁਰਦਆਰਾ ਸਾਹਿਬ ਦੇ ਅੰਦਰ ਕੰਧ ’ਤੇ ਲੱਗਾ ਪੱਖਾ ਗਰਮ ਹੋ ਜਾਣ ਕਾਰਨ ਅਚਾਨਕ ਅੱਗ ਲੱਗ ਗਈ। ਪੱਖੇ ਦੇ ਦੁਆਲੇ ਲੱਗਾ ਪੀਵੀਸੀ ਦਾ ਕਵਰ ਅੱਗ ਦੀ ਲਪੇਟ ਵਿੱਚ ਆ ਗਿਆ। ਜਦੋਂ ਫੋਰੈਂਸਿਕ ਟੀਮਾਂ ਨੇ ਗ੍ਰੰਥੀ ਜੋਗਾ ਸਿੰਘ ਤੋਂ ਪੁੱਛਗਿੱਛ ਕੀਤੀ ਤੇ ਸਬੂਤਾਂ ਬਾਰੇ ਜਾਣਕਾਰੀ ਮੰਗੀ ਤਾਂ ਉਸ ਨੇ ਮੰਨਿਆ ਕਿ ਉਸ ਨੇ ਖੁਦ ਹੀ ਸਾਰੀ ਕਹਾਣੀ ਘੜੀ ਸੀ। ਪੁਲਿਸ ਦੀ ਪੁੱਛਗਿੱਛ ਤੋਂ ਡਰਦਿਆਂ ਗ੍ਰੰਥੀ ਨੇ ਲੋਕਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੋਲ ਸਾਰੀ ਗੱਲ ਮੰਨ ਲਈ। ਉਸ ਨੇ ਪ੍ਰਧਾਨ ਨੂੰ ਦੱਸਿਆ ਕਿ ਉਸ ਨੇ ਆਰਜ਼ੀ ਪੱਖਾ ਟੰਗਿਆ ਸੀ ਜਿਸ ਨੂੰ ਅੱਗ ਪੈ ਗਈ। ਉਸ ਨੇ ਪੁਲਿਸ ਨੂੰ ਅੱਧ ਸੜਿਆ ਕੱਪੜਾ ਤੇ ਪੱਖੇ ਦੀ ਮੋਟਰ ਵੀ ਦਿਖਾਈ ਜੋ ਉਸ ਨੇ ਗੁਰਦੁਆਰਾ ਸਾਹਿਬ ਵਿਚਲੇ ਆਪਣੇ ਘਰ ਦੇ ਪਿੱਛੇ ਲੁਕਾਉਣ ਦੀ ਕੋਸ਼ਿਸ਼ ਕੀਤੀ।