ਚੰਡੀਗੜ੍ਹ: ਭੋਲੀ-ਭਾਲੀ ਜਨਤਾ ਲਈ 'ਮੈਸੰਜ਼ਰ ਆਫ ਗੌਡ' ਬਣੇ ਬਲਾਤਕਾਰੀ ਰਾਮ ਰਹੀਮ ਨੂੰ ਇਹ ਪਤਾ ਨਹੀਂ ਸੀ ਕਿ ਗੌਡ ਦਾ ਉਸ ਲਈ ਕੀ ਸੁਨੇਹਾ ਹੈ। 25 ਅਗਸਤ ਤੋਂ ਪਹਿਲਾਂ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਹ ਅਗਲੇ ਦਿਨਾਂ ਵਿੱਚ ਅਰਸ਼ ਤੋਂ ਫਰਸ਼ 'ਤੇ ਹੋਏਗਾ। ਉਸ ਕਰਕੇ ਤਿੰਨ ਦਰਜਨ ਜਾਨਾਂ ਜਾਣਗੀਆਂ ਤੇ ਉਸ ਵੱਲੋਂ ਖੜ੍ਹੀ ਕੀਤੀ ਸਲਤਨਤ ਤਬਾਹ ਹੋ ਜਾਏਗੀ।

ਰਾਮ ਰਹੀਮ ਨੂੰ ਲੱਗਦਾ ਸੀ ਕਿ ਉਸ ਆਪਣੇ ਸ਼ਰਧਾਲੂਆਂ ਨੂੰ ਭੜਕਾ ਕੇ ਸਰਕਾਰ ਤੇ ਅਦਾਲਤ 'ਤੇ ਦਬਾਅ ਬਣਾ ਲਏਗਾ ਤੇ ਉਸ ਦੀ ਦੁਕਾਨਦਾਰੀ ਚੱਲਦੀ ਰਹੇਗੀ। ਸਜ਼ਾ ਸੁਣਾਈ ਜਾਨ ਤੋਂ ਪਹਿਲਾਂ ਵੀ ਬਲਾਤਕਾਰੀ ਬਾਬਾ ਜੇਲ੍ਹ ਅਫਸਰਾਂ ਨੂੰ ਧਮਕੀਆਂ ਦਿੰਦਾ ਰਿਹਾ ਕਿ ਮੁੱਖ ਮੰਤਰੀ ਨੂੰ ਕਹਿ ਕੇ ਸਸਪੈਂਡ ਕਰਵਾ ਦਵੇਗਾ। ਜਦੋਂ ਜੇਲ੍ਹ ਵਿੱਚ ਰਾਮ ਰਹੀਮ ਨੂੰ ਕੈਦੀਆਂ ਵਾਲੀ ਰੋਟੀ ਹੀ ਖਾਣੀ ਪਈ ਤਾਂ ਉਸ ਨੂੰ ਆਪਣੀ ਔਕਾਤ ਯਾਦ ਆਉਣ ਲੱਗੀ।

ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਦੋ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਦੇ ਕੇਸ ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ 20 ਸਾਲ ਦੀ ਬਾਮੁਸ਼ੱਕਤ ਕੈਦ ਦੀ ਸਜ਼ਾ ਸੁਣਾਉਂਦਿਆਂ ਕਿਹਾ ਕਿ ਦੋਸ਼ੀ ਨੇ ਜੰਗਲੀ ਜਾਨਵਰ ਵਰਗਾ ਵਿਹਾਰ ਕੀਤਾ, ਜਿਸ ਨੇ ਆਪਣੀਆਂ ਮਹਿਲਾ ਸ਼ਰਧਾਲੂ ਸਾਧਵੀਆਂ ਨੂੰ ਵੀ ਨਹੀਂ ਬਖ਼ਸ਼ਿਆ। ਅਦਾਲਤ ਨੇ ਕਿਹਾ ਕਿ ਗੁਰਮੀਤ ਰਾਮ ਰਹੀਮ (50) ਨੇ ਆਪਣੇ ‘‘ਭੋਲੇ-ਭਾਲੇ ਅਤੇ ਅੰਨੇ ਭਗਤਾਂ’’ ਉਤੇ ਜਿਨਸੀ ਹਮਲਾ ਕਰ ਕੇ ਉਨ੍ਹਾਂ ਦਾ ਬਹੁਤ ਬੁਰੇ ਤਰੀਕੇ ਨਾਲ ਭਰੋਸਾ ਤੋੜਿਆ ਅਤੇ ਉਹ ਕਿਸੇ ਰਿਆਇਤ ਦਾ ਹੱਕਦਾਰ ਨਹੀਂ ਹੈ।

ਸੋਮਵਾਰ ਨੂੰ ਜੇਲ੍ਹ ਵਿੱਚ ਬਣੀ ਅਦਾਲਤ ਵਿੱਚ ਸਜ਼ਾ ਦੇ ਐਲਾਨ ਦੌਰਾਨ ਡੇਰਾ ਮੁਖੀ ਰੋਣ ਲੱਗ ਪਿਆ। ਉਸ ਨੂੰ ਆਪਣੀ ਹੋਣੀ ਨਜ਼ਰ ਆ ਰਹੀ ਸੀ। ਉਹ ਕੰਬ ਰਿਹਾ ਸੀ। ਉਸ ਨੇ ਹੱਥ ਜੋੜ ਕੇ ਮੁਆਫ਼ੀ ਮੰਗੀ। ਉਸ ਨੇ ਅਦਾਲਤ ਵਿੱਚੋਂ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ। ਉਹ ਸਿਹਤ ਖਰਾਬ ਹੋਣ ਦੇ ਬਹਾਨੇ ਬਣਾਉਣ ਲੱਗਾ ਪਰ ਡਾਕਟਰਾਂ ਨੇ ਜਦੋਂ ਚੈਕਅੱਪ ਕੀਤਾ ਤਾਂ ਉਹ ਠੀਕ ਸੀ।

ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਰਾਮ ਰਹੀਮ ਨੂੰ 20 ਸਾਲ ਦੀ ਬਾਮੁਸ਼ੱਕਤ ਕੈਦ ਸੁਣਾਉਂਦਿਆਂ ਕਿਹਾ ਕਿ ਦੋਸ਼ੀ ਨੇ ਜੰਗਲੀ ਜਾਨਵਰ ਵਰਗਾ ਵਿਹਾਰ ਕੀਤਾ ਹੈ। ਉਸ ਨੇ ਆਪਣੀਆਂ ਮਹਿਲਾ ਸ਼ਰਧਾਲੂ ਸਾਧਵੀਆਂ ਨੂੰ ਵੀ ਨਹੀਂ ਬਖ਼ਸ਼ਿਆ। ਉਸ ਨੇ ਭੋਲੇ-ਭਾਲੇ ਤੇ ਅੰਨੇ ਭਗਤਾਂ ਉਤੇ ਜਿਨਸੀ ਹਮਲਾ ਕਰਕੇ ਉਨ੍ਹਾਂ ਦਾ ਬਹੁਤ ਬੁਰੇ ਤਰੀਕੇ ਨਾਲ ਭਰੋਸਾ ਤੋੜਿਆ। ਇਸ ਲਈ ਉਹ ਕਿਸੇ ਰਿਆਇਤ ਦਾ ਹੱਕਦਾਰ ਨਹੀਂ ਹੈ।