ਪੰਜਾਬ ਦੇ 9 ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤ ਹੋ ਚੁੱਕੇ ਹਨ। ਇਨ੍ਹਾਂ ਵਿੱਚ ਫਾਜ਼ਿਲਕਾ, ਫਿਰੋਜ਼ਪੁਰ, ਕਪੂਰਥਲਾ, ਪਠਾਨਕੋਟ, ਤਰਨਤਾਰਨ, ਹੁਸ਼ਿਆਰਪੁਰ, ਮੋਗਾ, ਗੁਰਦਾਸਪੁਰ ਅਤੇ ਬਰਨਾਲਾ ਸ਼ਾਮਲ ਹਨ। ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ 1312 ਪਿੰਡ ਹੜ੍ਹ ਦੀ ਲਪੇਟ ‘ਚ ਆ ਚੁੱਕੇ ਹਨ।
ਪੰਜਾਬ, ਜੰਮੂ-ਕਸ਼ਮੀਰ ਸਣੇ ਇਨ੍ਹਾਂ ਸੂਬਿਆਂ 'ਚ ਰੈੱਡ ਅਲਰਟ
ਅੱਜ ਪੰਜਾਬ, ਜੰਮੂ-ਕਸ਼ਮੀਰ ਅਤੇ ਹਰਿਆਣਾ ‘ਚ ਭਾਰੀ ਮੀਂਹ ਕਾਰਨ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਜੇ ਪਹਾੜਾਂ ‘ਚ ਵੀ ਤੇਜ਼ ਮੀਂਹ ਪਿਆ ਤਾਂ ਰਾਵੀ, ਬਿਆਸ ਤੇ ਸਤਲੁਜ ਦਰਿਆ ਦਾ ਪਾਣੀ ਹੋਰ ਨੁਕਸਾਨ ਕਰ ਸਕਦਾ ਹੈ।
ਰਾਹਤ ਕੰਮਾਂ ਲਈ ਸਰਕਾਰ ਅਤੇ NDRF ਦੀਆਂ 11 ਟੀਮਾਂ ਤੈਨਾਤ ਹਨ। ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ‘ਚ ਫੌਜ ਵੀ ਰਾਹਤ ਕੰਮਾਂ ਵਿੱਚ ਜੁਟੀ ਹੋਈ ਹੈ। NDRF ਦੀ ਬਟਾਲਿਅਨ 7 ਦੀ ਟੀਮ ਨੇ ਅੰਮ੍ਰਿਤਸਰ ‘ਚ ਇੱਕ ਨੌਜਵਾਨ ਨੂੰ ਹੜ੍ਹ ਦੇ ਪਾਣੀ ਤੋਂ ਬਚਾਇਆ। ਇੱਕ ਹੋਰ ਜ਼ਿਲ੍ਹੇ ‘ਚ ਇਕ ਬਜ਼ੁਰਗ ਔਰਤ ਨੂੰ ਬਚਾ ਕੇ ਉਸਦਾ ਇਲਾਜ ਕਰਵਾਇਆ ਗਿਆ।
ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਪੰਜਾਬੀ ਕਲਾਕਾਰ
ਅੰਮ੍ਰਿਤਸਰ ਦੇ ਅਜਨਾਲਾ ‘ਚ ਪੰਜਾਬ ਗਾਇਕਾ ਤੇ ਅਦਾਕਾਰਾ ਸੁਨੰਦਾ ਸ਼ਰਮਾ ਟਰੈਕਟਰ ‘ਤੇ ਬੈਠ ਕੇ ਪਿੰਡ ਨਾਨਕਪੁਰਾ ਪਹੁੰਚੇ ਤੇ ਲੋਕਾਂ ਨੂੰ ਰਾਸ਼ਨ ਅਤੇ ਪਸ਼ੂਆਂ ਲਈ ਚਾਰਾ ਦਿੱਤਾ। ਇਸ ਤੋਂ ਇਲਾਵਾ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਵੀ ਹੜ੍ਹ ਪੀੜਤਾਂ ਦੀ ਮਦਦ ਕਰਦੇ ਹੋਏ ਨਜ਼ਰ ਆਏ। ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਵੀ ਪੰਜਾਬ ‘ਚ ਹੜ੍ਹ ਦੀ ਸਥਿਤੀ ‘ਤੇ ਚਿੰਤਾ ਜਤਾਈ।
ਅੰਮ੍ਰਿਤਸਰ ਦੇ ਘੋਣੇਵਾਲਾ ‘ਚ ਧੁੱਸੀ ਬੰਧ ਟੁੱਟਣ ਨਾਲ ਆਲੇ-ਦੁਆਲੇ ਦਾ 15 ਕਿਲੋਮੀਟਰ ਖੇਤਰ ਹੜ੍ਹ ਦੀ ਚਪੇਟ ‘ਚ ਆ ਗਿਆ ਹੈ। ਅਜਨਾਲਾ ਕਸਬੇ ਤੱਕ ਪਾਣੀ ਪਹੁੰਚਣ ਕਰਕੇ ਪ੍ਰਸ਼ਾਸਨ ਅਲਰਟ ‘ਤੇ ਹੈ। ਅੰਮ੍ਰਿਤਸਰ ਏਅਰਪੋਰਟ ਤੋਂ ਅਜਨਾਲਾ ਦੀ ਦੂਰੀ ਸਿਰਫ 10 ਕਿਲੋਮੀਟਰ ਹੈ।
ਪੰਜਾਬ ਦੇ 8 ਜ਼ਿਲ੍ਹਿਆਂ ਲਈ ਤੂਫ਼ਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਹਿਮਾਚਲ ਨਾਲ ਲੱਗਦੇ ਪਠਾਨਕੋਟ, ਗੁਰਦਾਸਪੁਰ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਫਤਿਹਗੜ੍ਹ ਸਾਹਿਬ ਵਿੱਚ ਮੀਂਹ ਨੂੰ ਲੈ ਕੇ ਰੈੱਡ ਅਲਰਟ ਜਾਰੀ ਹੋਇਆ ਹੈ। ਇੱਥੇ ਮੀਂਹ ਦੇ ਨਾਲ 40 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।
ਇਸ ਤੋਂ ਇਲਾਵਾ, ਅਮ੍ਰਿਤਸਰ, ਤਰਨਤਾਰਨ, ਮੋਗਾ, ਲੁਧਿਆਣਾ, ਸੰਗਰੂਰ, ਪਟਿਆਲਾ ਅਤੇ ਮੋਹਾਲੀ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਬਾਕੀ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਮੰਗਲਵਾਰ ਨੂੰ ਵੀ ਹਾਲਾਤ ਸਧਾਰਨ ਹੋਣ ਦੇ ਆਸਾਰ ਨਹੀਂ ਹਨ ਅਤੇ ਕੁਝ ਜ਼ਿਲ੍ਹਿਆਂ ਵਿੱਚ ਔਰੇਂਜ ਤੇ ਕੁਝ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।