ਅੰਮ੍ਰਿਤਸਰ: ਦੁਰਗਿਆਣਾ ਮੰਦਰ ਕਮੇਟੀ ਤੇ ਪੰਜਾਬ ਸ਼ਹਿਰੀ ਵਿਕਾਸ ਅਥਾਰਟੀ (PUDA) ਵਿਚਾਲੇ ਵਿਵਾਦ ਤੇ ਤਲਖੀ ਵਧਦੀ ਜਾ ਰਹੀ ਹੈ। ਇਸ ਤਲਖੀ ਇਸ ਹੱਦ ਤੱਕ ਵਧ ਗਈ ਹੈ ਕਿ ਦੁਰਗਿਆਣਾ ਕਮੇਟੀ ਨੇ ਸ਼ਿਵਪੁਰੀ ਅੰਦਰ ਪੁਲਿਸ ਵੱਲੋਂ ਲਿਆਂਦੀਆਂ ਜਾ ਰਹੀਆਂ ਲਵਾਰਿਸ ਲਾਸ਼ਾਂ ਦਾ ਸਸਕਾਰ ਕਰਨਾ ਹੀ ਬੰਦ ਕਰ ਦਿੱਤਾ ਹੈ। ਉਨ੍ਹਾਂ ਇਸ ਪਿੱਛੇ ਇਹ ਹਵਾਲਾ ਦਿੱਤਾ ਹੈ ਕਿ ਉਨ੍ਹਾਂ ਕੋਲ ਸਸਕਾਰ ਲਈ ਥਾਂ ਨਹੀਂ।
ਸ਼ਿਵਪੁਰੀ ਕੋਲ ਰੋਜ਼ਾਨਾ ਅੰਤਿਮ ਸੰਸਕਾਰ ਲਈ ਜਗ੍ਹਾ ਦੀ ਘਾਟ ਹੋਣ ਕਰਕੇ ਕਮੇਟੀ ਹੁਣ 25 ਤੋਂ 30 ਹੋਰ ਨਵੇਂ ਥੜ੍ਹਿਆਂ ਦੀ ਉਸਾਰੀ ਕਰਨਾ ਚਾਹੁੰਦੀ ਹੈ। ਇਸ ਲਈ ਕਮੇਟੀ ਕੋਲ ਹੁਣ ਲੱਕੜਾਂ ਦੇ ਗੁਦਾਮ ਵਾਲੀ ਥਾਂ ਹੀ ਬਚੀ ਹੈ ਤੇ ਰੋਜ਼ਾਨਾ ਕੋਰੋਨਾ ਵਾਇਰਸ ਕਾਰਨ ਹੋ ਰਹੀਆਂ ਮੌਤਾਂ ਦੇ ਕਾਰਨ ਸ਼ਿਵਪੁਰੀ 'ਚ 40 ਤੋਂ 45 ਅੰਤਿਮ ਸੰਸਕਾਰ ਹੋ ਰਹੇ ਹਨ। ਇਸ ਮਗਰੋਂ ਕਮੇਟੀ ਨੇ ਗੁਦਾਮ ਵਾਲੀ ਜਗ੍ਹਾਂ ਤੋਂ ਲੱਕੜਾਂ ਪੁੱਡਾ ਦੀ ਸ਼ਿਵਪੁਰੀ ਦੇ ਨਾਲ ਲੱਗਦੀ ਜਗ੍ਹਾ 'ਤੇ ਆਰਜ਼ੀ ਤੌਰ 'ਤੇ ਰੱਖਵਾ ਦਿੱਤੀਆਂ, ਜਿਸ 'ਤੇ ਪੁੱਡਾ ਨੇ ਇਤਰਾਜ ਕੀਤਾ ਤੇ ਪੁਲਿਸ ਨੂੰ ਦਖ਼ਲ ਦੇਣਾ ਪਿਆ।
ਕਮੇਟੀ ਦੇ ਪ੍ਰਧਾਨ ਐਡਵੋਕੇਟ ਰਮੇਸ਼ ਸ਼ਰਮਾ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਨਾਂ ਨੇ ਕੁਝ ਸਮੇਂ ਲਈ ਜਗ੍ਹਾ ਇਸਤੇਮਾਲ ਕਰਨ ਲਈ ਲੱਕੜਾਂ ਰੱਖੀਆਂ ਸਨ ਕਿਉਂਕਿ ਸ਼ਿਵਪੁਰੀ ਦੇ ਅੰਦਰ ਥੜਿਆਂ ਦੀ ਬਹੁਤ ਘਾਟ ਹੈ। ਉਹ ਲੱਕੜਾਂ ਦੀ ਗੁਦਾਮ ਵਾਲੀ ਜਗਾ 'ਤੇ 25 ਤੋਂ 30 ਥੜ੍ਹੇ ਹੋਰ ਉਸਾਰਨਾ ਚਾਹੁੰਦੇ ਹਨ। ਜਦ ਤਕ ਹਾਲਾਤ ਆਮ ਨਹੀਂ ਹੋ ਜਾਂਦੇ ਤਦ ਤਕ ਉਹ ਜਗਾ ਵਰਤਣੀ ਚਾਹੁੰਦੇ ਹਨ।
ਸ਼ਿਵਪੁਰੀ 'ਚ ਫਿਲਹਾਲ ਹਾਲਾਤ ਆਮ ਹਨ ਪਰ ਜੇ ਹਾਲਾਤ ਵਿਗੜੇ ਜਾਂ ਵੱਧ ਅੰਤਿਮ ਸੰਸਕਾਰ ਹੋਏ ਤਾਂ ਉਹ ਲਾਚਾਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਇਸ ਔਖੀ ਘੜੀ 'ਚ ਦੁਰਗਿਆਨਾ ਕਮੇਟੀ ਮਾਨਵਤਾ ਦੀ ਸੇਵਾ ਕਰ ਰਹੀ ਹੈ ਤਾਂ ਸਰਕਾਰ ਨੂੰ ਕਮੇਟੀ ਦਾ ਸਾਥ ਦੇਣਾ ਚਾਹੀਦਾ ਹੈ। ਸ਼ਰਮਾ ਨੇ ਕਿਹਾ ਕਿ ਉਹ ਤਾਂ ਬਕਾਇਦਾ ਇਸ ਦੇ ਲਈ ਜਾਇਜ਼ ਬਣਦੇ ਪੈਸੇ ਵੀ ਜਮਾ ਕਰਵਾਉਣ ਲਈ ਤਿਆਰ ਹਨ।
ਦੂਜੇ ਪਾਸੇ, ਪੰਜਾਬ ਦੇ ਕੈਬਨਿਟ ਮੰਤਰੀ ਓਪੀ ਸੋਨੀ ਨੇ ਆਖਿਆ ਹੈ ਕਿ ਇਸ ਮਸਲੇ ਨੂੰ ਸੁਲਝਾ ਲਿਆ ਜਾਵੇਗਾ ਤੇ ਭਵਿੱਖ 'ਚ ਕੋਈ ਮੁਸ਼ਕਲ ਨਾ ਆਵੇ ਇਸ ਲਈ ਜ਼ਿਲ੍ਹੇ ਦੇ ਡੀਸੀ ਦੀ ਡਿਊਟੀ ਲਾ ਦਿੱਤੀ ਗਈ ਹੈ। ਕੈਬਨਿਟ ਮੰਤਰੀ ਓਪੀ ਸੋਨੀ ਨੇ ਮੰਨਿਆ ਕਿ ਮੁੱਖ ਮੰਤਰੀ ਨੇ ਉਨ੍ਹਾਂ ਦੀ ਹਾਜਰੀ 'ਚ ਹੀ ਐਲਾਨ ਕੀਤਾ ਸੀ ਕਿ ਸ਼ਿਵਪੁਰੀ ਦੇ ਨਾਲ ਲੱਗਦੀ ਪੁੱਡਾ ਦੀ ਜਗ੍ਹਾ ਦੁਰਗਿਆਣਾ ਮੰਦਰ ਕਮੇਟੀ ਨੂੰ ਦਿੱਤੀ ਜਾਵੇਗੀ।