ਰਵਨੀਤ ਕੌਰ ਦੀ ਰਿਪੋਰਟ



ਚੰਡੀਗੜ੍ਹ :
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਫੇਰੀ 'ਤੇ ਹਨ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਐਮਐਲਏ ਕਾਦੀਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਾਜਪਾ ਅਤੇ ਆਪ ਦਾ ਹਾਲ ਇਕੋ ਜਿਹਾ ਹੈ। ਆਮ ਆਦਮੀ ਪਾਰਟੀ ਨੇ ਦਿੱਲੀ ਮਾਡਲ ਪੇਸ਼ ਕੀਤਾ ਹੈ ਅਤੇ ਹੁਣ ਪੰਜਾਬ ਦੇ ਲੋਕ ਰੋਣਗੇ , ਬਟਾਲਾ ਵਿਖੇ ਡੀਏਵੀ ਕਾਲਜ 'ਚ ਡਿਗਰੀ ਵੰਡ ਸਮਾਗਮ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ ਐਮਐਲਏ ਪ੍ਰਤਾਪ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।

ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੀ ਸੱਤਾ 'ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਦੀ ਗੱਲ ਕਰਦੇ ਕਿਹਾ ਕਿ ਹਾਲੇ ਤੇ ਕੁਝ ਸਮਾਂ ਹੀ ਹੋਇਆ ਹੈ ਸਰਕਾਰ ਬਣੀ ਨੂੰ ਪਰ ਆਪ ਨੇ ਬਦਲਾਅ ਦੀ ਰਾਜਨੀਤੀ ਤੇ ਲੋਕਾਂ ਕੋਲੋਂ ਵੋਟਾਂ ਲੈ ਕੇ ਬਦਲਾਅ ਦੇ ਉਲਟ ਰਾਜਨੀਤੀ ਕਰ ਰਹੀ ਹੈ ਜਿਥੇ ਇਕ ਇਮਾਨਦਾਰ ਅਤੇ ਕਾਬਿਲ ਪੁਲਿਸ ਐਸਐਸਪੀ ਜਿਸ ਵਲੋਂ ਪਿਛਲੇ ਕੁਝ ਸਮੇ 'ਚ ਹੀ ਨਾਜਾਇਜ਼ ਮਾਈਨਿੰਗ 'ਤੇ ਲਗਾਮ ਕੱਸੀ  ਸੀ ਉਸ ਨੂੰ ਹੀ ਬਦਲ ਦਿੱਤਾ। 

ਇਸੇ ਤਰ੍ਹਾਂ ਹੀ ਅਰਵਿੰਦ ਕੇਜਰੀਵਾਲ ਕਹਿੰਦੇ ਸਨ ਕਿ ਬਰਗਾੜੀ ਮਾਮਲੇ ਚ ਉਹ 24 ਘੰਟਿਆਂ 'ਚ ਦੋਸ਼ੀਆਂ ਖਿਲਾਫ ਕਾਰਵਾਈ ਕਰਨਗੇ ਪਰ ਉਲਟ ਜਿਸ ਪੁਲਿਸ ਅਫਸਰ ਨੇ ਉਸ ਕੇਸ ਦੀ ਜਾਂਚ ਕੀਤੀ ਅਤੇ ਨੌਕਰੀ ਛੱਡ ਆਪ 'ਚ ਸ਼ਾਮਲ ਹੋਇਆ ਉਸ ਨੂੰ ਜਿੱਤਣ ਬਾਅਦ ਅੱਗੇ ਲਾਉਣ ਦੀ ਥਾਂ ਉਸਨੂੰ ਪਿੱਛੇ ਕਰ ਦਿੱਤਾ। 

ਇਸ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਨੇ ਸੱਤਾ 'ਚ ਆਉਂਦੇ ਪੰਜਾਬ ਦੇ ਹਰ ਵਰਗ ਨੂੰ 300 ਯੂਨਿਟ ਬਿਜਲੀ ਮੁਫ਼ਤ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਇੰਨੇ ਦਿਨ ਬੀਤ ਚੁੱਕੇ ਹਨ ਪਰ ਭਗਵੰਤ ਮਾਨ ਵਲੋਂ ਕੋਈ ਐਲਾਨ ਨਹੀਂ ਕੀਤਾ ਗਿਆ। ਰਾਸ਼ਨ ਘਰ ਘਰ ਦੇਣ ਦਾ ਐਲਾਨ ਕੋਈ ਨਵਾਂ ਨਹੀਂ ਹੈ ਬਲਕਿ ਪੰਜਾਬ ਦੇ ਲੋਕਾਂ ਨੂੰ ਪਹਿਲਾ ਹੀ ਉਨ੍ਹਾਂ ਦੇ ਘਰਾਂ 'ਚ ਰਾਸ਼ਨ ਮਿਲ ਰਿਹਾ ਹੈ | 


 






 


ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਬਦਲੇ ਗਏ ਐੱਸਐੱਸਪੀਜ਼ 'ਚੋਂ ਇਕ ਧਰੂਮਨ ਐੱਚ ਨਿੰਬਾਲੇ ਦੀ ਬਦਲੀ ਨੂੰ ਕਾਂਗਰਸੀ ਵਿਧਾਇਕ ਪਰਗਟ ਸਿੰਘ ਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਮਾਈਨਿੰਗ ਮਾਫ਼ੀਆ ਸਬੰਧੀ ਕੀਤੀ ਕਾਰਵਾਈ ਨਾਲ ਜੋੜਦੇ ਹੋਏ ਚਰਚਾ ਵਿਚ ਲਿਆ ਦਿੱਤਾ ਗਿਆ ਹੈ।


ਪਰਗਟ ਸਿੰਘ ਨੇ ਆਪਣੇ ਟਵਿੱਟਰ ’ਤੇ ਹੁਸ਼ਿਆਰਪੁਰ ਪੁਲਿਸ ਵੱਲੋਂ ਉਕਤ ਮਾਮਲੇ ਸਬੰਧੀ ਜਾਰੀ ਪ੍ਰੈੱਸ ਨੋਟ ਦੀ ਕਾਪੀ ਸ਼ੇਅਰ ਕੀਤੀ ਹੈ ਜਿਸ 'ਚ ਫੜੇ ਗਏ ਮੁਲਜ਼ਮਾਂ ਅਤੇ ਐੱਸਐੱਸਪੀ ਧਰੂਮਨ ਐੱਚ ਨਿੰਬਾਲੇ ਦੀ ਤਸਵੀਰ ਵੀ ਪੋੋਸਟ ਕੀਤੀ ਹੈ। ਪੋਸਟ ਵਿੱਚ ਪਰਗਟ ਸਿੰਘ ਨੇ ਲਿਖਿਆ ਹੈ ਕਿ ਆਪ ਸਰਕਾਰ ਨੇ ਐੱਸਐੱਸਪੀ ਹੁਸ਼ਿਆਰਪੁਰ ਦੀ ਬਦਲੀ ਕਰ ਦਿੱਤੀ ਜਿਸਨੇ ਮਾਈਨਿੰਗ ਮਾਫ਼ੀਆ ਖਿਲਾਫ਼ ਮਾਮਲਾ ਦਰਜ ਕਰਨ ਦੀ ਹਿੰਮਤ ਵਿਖਾਈ ਸੀ।

ਗੁੰਡਾ ਟੈਕਸ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ 1.53 ਕਰੋੜ ਦੀ ਰਾਸ਼ੀ ਵੀ ਜ਼ਬਤ ਕੀਤੀ ਸੀ। ਜ਼ਿਕਰਯੋਗ ਹੈ ਕਿ ਐੱਸਐੱਸਪੀ ਧਰੂਮਨ ਐੱਚ ਨਿੰਬਾਲੇ ਨੂੰ ਹੁਸ਼ਿਆਰਪੁਰ ਤੋਂ ਬਦਲ ਕੇ ਸ੍ਰੀ ਮੁਕਤਸਰ ਸਾਹਿਬ ਦਾ ਐੱਸਐੱਸਪੀ ਲਗਾਇਆ ਗਿਆ ਹੈ। ਜਦਕਿ ਸਰਤਾਜ ਸਿੰਘ ਚਾਹਲ ਨੇ ਫਤਿਹਗੜ੍ਹ ਸਾਹਿਬ ਤੋਂ ਬਦਲੀ ਹੋਣ ਉਪਰੰਤ ਬਤੌਰ ਐੱਸਐੱਸਪੀ ਹੁਸ਼ਿਆਰਪੁਰ ਦਾ ਚਾਰਜ ਸੰਭਾਲਿਆ ਹੈ।