Punjab news: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਦਿੱਲੀ ’ਚ 1984 ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸ ਆਗੂ ਸੱਜਣ ਕੁਮਾਰ ਵਿਰੁੱਧ ਜਨਕਪੁਰੀ ਤੇ ਵਿਕਾਸਪੁਰੀ ਮਾਮਲੇ ਵਿਚ ਚੱਲ ਰਹੇ ਕੇਸ ’ਚੋਂ 302 ਧਾਰਾ ਹਟਾਉਣੀ ਮੰਦਭਾਗੀ ਹੈ।
ਪਿਛਲੇ 38 ਸਾਲਾਂ ਤੋਂ ਇਨਸਾਫ਼ ਦੀ ਮੰਗ ਕਰ ਰਹੇ ਪੀੜਤਾਂ ਨੂੰ ਇਸ ਨਾਲ ਮਾਨਸਿਕ ਸੱਟ ਵੱਜੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ 1984 ਦਾ ਸਿੱਖ ਕਤਲੇਆਮ ਮਨੁੱਖੀ ਇਤਿਹਾਸ ਵਿੱਚ ਮਾਨਵ ਵਿਰੋਧੀ ਕਰੂਰ ਕਾਰੇ ਦੀ ਸਿਖਰ ਵਜੋਂ ਅੰਕਿਤ ਹੈ, ਜਿਸ ਦੇ ਪੀੜਤ ਕਰੀਬ 4 ਦਹਾਕਿਆਂ ਤੋਂ ਇਨਸਾਫ਼ ਲਈ ਸੰਘਰਸ਼ ਕਰ ਰਹੇ ਹਨ, ਪਰੰਤੂ ਦੁੱਖ ਦੀ ਗੱਲ ਹੈ ਕਿ ਪੀੜਤਾਂ ਨੂੰ ਨਿਆ ਨਹੀਂ ਦਿੱਤਾ ਜਾ ਰਿਹਾ।
ਇਹ ਵੀ ਪੜ੍ਹੋ: Ludhiana News: 'ਘੰਟੀ ਖੜਕਾਓ, ਚਿੱਟਾ ਪਾਓ', ਮੁਹੱਲਾ ਵਾਸੀਆਂ ਨੇ 3 ਨੌਜਵਾਨਾਂ ਨੂੰ ਜਾਲ ਵਿਛਾ ਕੇ ਫੜਿਆ, ਵੀਡੀਓ ਵਾਇਰਲ
ਉਨ੍ਹਾਂ ਕਿਹਾ ਕਿ ਕਾਂਗਰਸ ਆਗੂ ਸੱਜਣ ਕੁਮਾਰ ਸਾਫ਼ ਤੌਕ ’ਤੇ ਦਿੱਲੀ ਸਿੱਖ ਕਤੇਲਆਮ ਦਾ ਦੋਸ਼ੀ, ਜੋ ਪਹਿਲਾਂ ਹੀ ਇੱਕ ਕੇਸ ਵਿਚ ਕੈਦ ਕੱਟ ਰਿਹਾ ਹੈ। ਭਾਵੇਂ ਕਿ ਜਨਕਪੁਰੀ ਤੇ ਵਿਕਾਸਪੁਰੀ ਮਾਮਲੇ ਵਿੱਚ ਕਈ ਧਾਰਾਵਾਂ ਤਹਿਤ ਅਦਾਲਤ ਵੱਲੋਂ ਦੋਸ਼ ਆਇਦ ਕਰਨ ਸਵਾਗਤਯੋਗ ਹਨ ਪਰ ਧਾਰਾ 302 ਹਟਾਉਣੀ ਠੀਕ ਨਹੀਂ ਹੈ, ਕਿਉਂਕਿ ਇਹ ਮਾਮਲਾ ਸਿੱਖਾਂ ਦੇ ਕਤਲੇਆਮ ਨਾਲ ਜੁੜਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਨੂੰ ਹਰ ਕੇਸ ਵਿਚ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਮਿਲ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਇਸ ਦੋਸ਼ੀ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਯਤਨ ਕਰੇ ਅਤੇ ਜਨਕਪੁਰੀ ਤੇ ਵਿਕਾਸਪੁਰੀ ਕੇਸ ਦੇ ਮਾਮਲੇ ਵਿਚ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਵੱਲੋਂ ਹਟਾਈ ਗਈ ਧਾਰਾ 302 ਨੂੰ ਮੁੜ ਸ਼ਾਮਲ ਕਰਵਾਉਣ ਲਈ ਕਾਰਵਾਈ ਕਰੇ।