Khalistani Resham Singh Arrested: ਖਾਲਿਸਤਾਨੀਆਂ ਦੀ ਗਤੀਵਿਧੀਆਂ ਤੇਜ਼ ਹੋਣ ਮਗਰੋਂ ਸੁਰੱਖਿਆ ਏਜੰਸੀਆਂ ਵੀ ਅਲਰਟ ਹੋ ਗਈਆਂ ਹਨ। ਮੁਹਾਲੀ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੇ ਪਾਬੰਦੀਸ਼ੁਦਾ ਸੰਗਠਨ 'ਸਿੱਖਸ ਫਾਰ ਜਸਟਿਸ' (SFJ) ਦੇ ਮੁੱਖ ਸੰਚਾਲਕ ਤੇ SFJ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਕਰੀਬੀ ਸਾਥੀ ਰੇਸ਼ਮ ਸਿੰਘ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਰੇਸ਼ਮ ਸਿੰਘ ਨੂੰ ਫਿਲੌਰ ਵਿੱਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਤੋੜਨ ਤੇ ਸੂਬੇ ਭਰ ਵਿੱਚ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮ ਦੇ ਬੈਂਕ ਖਾਤਿਆਂ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਨੂੰ 10 ਲੱਖ ਦੀ ਫੰਡਿੰਗ ਮਿਲੀ ਸੀ। ਹੁਣ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਉ ਸਨੂੰ ਕਿੰਨੇ ਸਾਲਾਂ ਤੋਂ ਫੰਡਿੰਗ ਮਿਲ ਰਹੀ ਸੀ। ਉਸ ਦੀਆਂ ਜਾਇਦਾਦਾਂ ਕੀ ਹਨ? ਪਿਛਲੇ 6 ਸਾਲਾਂ ਦੇ ਉਸ ਦੇ ਸਾਰੇ ਜਾਇਦਾਦ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਭਵਿੱਖ ਵਿੱਚ ਜਾਇਦਾਦ ਨੂੰ ਵੀ ਜ਼ਬਤ ਕੀਤਾ ਜਾ ਸਕੇ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਅਮਰੀਕਾ ਸਥਿਤ ਸੁਰਿੰਦਰ ਸਿੰਘ ਠੀਕਰੀਵਾਲ, ਜੋ ਕਈ ਯੂਏਪੀਏ ਮਾਮਲਿਆਂ ਵਿੱਚ ਲੋੜੀਂਦਾ ਹੈ ਤੇ ਐਸਐਫਜੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਨਿਰਦੇਸ਼ਾਂ 'ਤੇ ਮੁਲਜ਼ਮ ਰੇਸ਼ਮ ਸਿੰਘ ਨੇ ਜੂਨ 2025 ਦੇ ਪਹਿਲੇ ਹਫ਼ਤੇ ਫਿਲੌਰ ਦੇ ਨੰਗਲ ਵਿੱਚ ਡਾ. ਅੰਬੇਡਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਸੀ।

ਬਰਨਾਲਾ ਦੇ ਪਿੰਡ ਹਮੀਦੀ ਦਾ ਰਹਿਣ ਵਾਲਾ ਰੇਸ਼ਮ ਸਿੰਘ

ਪੁਲਿਸ ਮੁਤਾਬਕ ਰੇਸ਼ਮ ਸਿੰਘ ਬਰਨਾਲਾ ਦੇ ਪਿੰਡ ਹਮੀਦੀ ਦਾ ਰਹਿਣ ਵਾਲਾ ਹੈ। ਉਸ ਨੇ ਪਟਿਆਲਾ, ਫਰੀਦਕੋਟ, ਜਲੰਧਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਐਸਐਫਜੇ ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਸੀ ਤੇ ਕਾਫੀ ਸਮੇਂ ਤੋਂ ਫਰਾਰ ਸੀ। ਡੀਜੀਪੀ ਨੇ ਕਿਹਾ, "ਮਈ 2025 ਵਿੱਚ ਭਾਰਤ-ਪਾਕਿਸਤਾਨ ਤਣਾਅ ਦੌਰਾਨ ਰੇਸ਼ਮ ਸਿੰਘ ਨੇ ਜਨਤਾ ਵਿੱਚ ਅਸ਼ਾਂਤੀ ਪੈਦਾ ਕਰਨ ਤੇ ਦੇਸ਼ ਵਿਰੋਧੀ ਭਾਵਨਾ ਫੈਲਾਉਣ ਲਈ 'ਪਾਕਿਸਤਾਨ ਜ਼ਿੰਦਾਬਾਦ' ਤੇ 'ਖਾਲਿਸਤਾਨ ਜ਼ਿੰਦਾਬਾਦ' ਵਰਗੇ ਭੜਕਾਊ ਨਾਅਰੇ ਲਿਖੇ ਸਨ।" ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਇਨ੍ਹਾਂ ਗਤੀਵਿਧੀਆਂ ਲਈ ਵਿਦੇਸ਼ਾਂ ਤੋਂ ਵੀ ਫੰਡ ਮਿਲ ਰਿਹਾ ਸੀ।

ਹਾਸਲ ਜਾਣਕਾਰੀ ਮੁਤਾਬਕ ਰੇਸ਼ਮ ਸਿੰਘ ਨੂੰ ਪਹਿਲਾਂ ਹੀ ਦੋ UAPA ਮਾਮਲਿਆਂ  ਕਰਨਾਲ (ਹਰਿਆਣਾ) ਤੇ ਸੰਗਰੂਰ ਵਿੱਚ ਦੇਸ਼ ਵਿਰੋਧੀ ਨਾਅਰੇ ਲਿਖਣ ਲਈ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਮਾਮਲੇ ਵਿੱਚ ਉਸ ਦੇ ਨੈੱਟਵਰਕ ਦੇ ਹੋਰ ਮੈਂਬਰਾਂ ਬਾਰੇ ਪਤਾ ਲਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। AIG SSOC ਮੁਹਾਲੀ ਰਵਜੋਤ ਗਰੇਵਾਲ ਨੇ ਕਿਹਾ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਕੰਧਾਂ ਤੇ ਪੁਲਾਂ 'ਤੇ ਨਾਅਰੇ ਲਿਖ ਰਿਹਾ ਹੈ ਜੋ ਬਗਾਵਤ ਤੇ ਵੱਖਵਾਦ ਨੂੰ ਉਤਸ਼ਾਹਿਤ ਕਰਦੇ ਹਨ। ਇਸ ਜਾਣਕਾਰੀ ਦੇ ਆਧਾਰ 'ਤੇ SSOC ਟੀਮ ਨੇ ਇੱਕ ਖੁਫੀਆ ਕਾਰਵਾਈ ਕੀਤੀ ਤੇ ਰੇਸ਼ਮ ਸਿੰਘ ਨੂੰ ਖਰੜ, ਮੁਹਾਲੀ ਤੋਂ ਗ੍ਰਿਫ਼ਤਾਰ ਕੀਤਾ, ਜਿੱਥੇ ਉਸ ਨੂੰ ਸੁਰਿੰਦਰ ਠੀਕਰੀਵਾਲ ਨੇ ਲੁਕਾਇਆ ਸੀ।

ਪੁੱਛਗਿੱਛ ਦੌਰਾਨ, ਦੋਸ਼ੀ ਰੇਸ਼ਮ ਸਿੰਘ ਨੇ ਦੱਸਿਆ ਕਿ ਉਹ 2019 ਵਿੱਚ ਅਮਰੀਕਾ ਸਥਿਤ ਹਰਪ੍ਰੀਤ ਸਿੰਘ ਉਰਫ਼ ਰਾਣਾ ਰਾਹੀਂ SFJ ਨੈੱਟਵਰਕ ਵਿੱਚ ਸ਼ਾਮਲ ਹੋਇਆ ਸੀ, ਜੋ "ਰਾਜਨੀਤੀ ਪੰਜਾਬ" ਨਾਮ ਦਾ ਇੱਕ (ਹੁਣ ਪਾਬੰਦੀਸ਼ੁਦਾ) ਮੀਡੀਆ ਚੈਨਲ ਚਲਾਉਂਦਾ ਸੀ। ਹਰਪ੍ਰੀਤ ਰਾਣਾ ਨੇ ਉਸ ਨੂੰ ਬਿਕਰਮਜੀਤ ਸਿੰਘ (USA), ਜੇਐਸ ਧਾਲੀਵਾਲ ਤੇ ਗੁਰਪਤਵੰਤ ਸਿੰਘ ਪੰਨੂ ਨਾਲ ਮਿਲਾਇਆ।

ਏਆਈਜੀ ਨੇ ਕਿਹਾ ਕਿ ਮਈ 2024 ਵਿੱਚ ਸੰਗਰੂਰ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਰੇਸ਼ਮ ਸਿੰਘ ਨੇ ਸੁਰਿੰਦਰ ਠੀਕਰੀਵਾਲ ਦੇ ਇਸ਼ਾਰੇ 'ਤੇ ਦੁਬਾਰਾ ਦੇਸ਼ ਵਿਰੋਧੀ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ। ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਹਰ ਘਟਨਾ ਦੀਆਂ ਵੀਡੀਓ ਬਣਾਉਂਦਾ ਸੀ ਤੇ ਵਿਦੇਸ਼ਾਂ ਵਿੱਚ ਬੈਠੇ ਹੈਂਡਲਰਾਂ ਨੂੰ ਭੇਜਦਾ ਸੀ, ਜੋ ਇਸ ਨੂੰ ਵੱਖਵਾਦੀ ਪ੍ਰਚਾਰ ਵਿੱਚ ਵਰਤਦੇ ਸਨ। ਹੁਣ ਤੱਕ ਉਸ ਨੂੰ 8-10 ਲੱਖ ਰੁਪਏ ਦੀ ਫੰਡਿੰਗ ਮਿਲ ਚੁੱਕੀ ਹੈ।