ਅੰਮ੍ਰਿਤਸਰ ’ਚ ਮੀਂਹ ਦਾ ਕਹਿਰ, ਸੜਕ ਜ਼ਮੀਨ ਅੰਦਰ ਧਸੀ
ਏਬੀਪੀ ਸਾਂਝਾ | 23 Sep 2018 06:40 PM (IST)
ਅੰਮ੍ਰਿਤਸਰ: ਬੀਤੀ ਰਾਤ ਤੋਂ ਲਗਾਤਾਰ ਪੈ ਰਹੀ ਬਾਰਸ਼ ਕਾਰਨ ਸ਼ਹਿਰ ਦੇ ਲਾਰੰਸ ਰੋਡ ਤੋਂ ਫੋਰ ਐਸ ਚੌਕ ਵੱਲ ਜਾਂਦਿਆਂ ਕੰਪਨੀ ਬਾਗ ਦੇ ਬਿਲਕੁਲ ਸਾਹਮਣੇ ਵਾਲੀ ਸੜਕ ਸੌ ਫੁੱਟ ਤੋਂ ਜ਼ਿਆਦਾ ਖੇਤਰ ਵਿੱਚ ਜ਼ਮੀਨ ਅੰਦਰ ਧੱਸ ਗਈ। ਇਸ ਘਟਨਾ ਬਾਅਦ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਹਾਦਸੇ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹ ਇਲਾਕਾ ਅੰਮ੍ਰਿਤਸਰ ਦਾ ਪੌਸ਼ ਤੇ ਮਹੱਤਵਪੂਰਨ ਇਲਾਕਾ ਮੰਨਿਆ ਜਾਂਦਾ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਅੰਮ੍ਰਿਤਸਰ ਪ੍ਰਸ਼ਾਸਨ ਤੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਸੜਕ ਦਾ ਜਾਇਜ਼ਾ ਲਿਆ। ਪੁਲਿਸ ਨੇ ਲਾਰੰਸ ਰੋਡ ਤੇ ਫੋਰ ਐਸ ਚੌਕ ਵਾਲੇ ਪਾਸਿਓਂ ਟਰੈਫਿਕ ਆਰਜ਼ੀ ਤੌਰ ਤੇ ਬੰਦ ਕਰ ਦਿੱਤਾ ਤੇ ਬਦਲਵੇਂ ਰੂਟਾਂ ਰਾਹੀਂ ਆਵਾਜਾਈ ਦੇ ਹੁਕਮ ਜਾਰੀ ਕੀਤੇ ਹਨ। ਨਗਰ ਨਿਗਮ ਦੇ ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਲਗਾਤਾਰ ਬਾਰਸ਼ ਹੀ ਸੜਕ ਦੇ ਧਸਣ ਦਾ ਕਾਰਨ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਸਮੇਤ ਪੂਰੇ ਪੰਜਾਬ ਵਿੱਚ ਬੀਤੇ ਦੋ ਦਿਨਾਂ ਤੋਂ ਭਾਰੀ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ ਇਹ ਬਾਰਸ਼ ਸੋਮਵਾਰ ਵੀ ਜਾਰੀ ਰਹੇਗੀ।