ਜਲੰਧਰ: ਪੰਜਾਬ ਰੋਡਵੇਜ਼ ਦੇ ਡਰਾਈਵਰ ਨੂੰ ਟਿਕ-ਟੌਕ 'ਤੇ ਵੀਡੀਓ ਬਣਾਉਣਾ ਮਹਿੰਗਾ ਪੈ ਗਿਆ ਹੈ। ਉਸ ਨੇ ਬੱਸ ਚਲਾਉਂਦਿਆਂ ਟਿਕ-ਟੌਕ 'ਤੇ ਵੀਡੀਓ ਬਣਾਇਆ ਜੋ ਵੇਖਦੇ ਹੀ ਵੇਖਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਇਸ ਮਗਰੋਂ ਮੁਸਾਫਰਾਂ ਦੀ ਜਾਣ ਖਤਰੇ ਵਿੱਚ ਪਾਉਣ ਵਾਲੇ ਇਸ ਡਰਾਈਵਰ ਨੂੰ ਸਸਪੈਂਡ ਕਰਕੇ ਬਲੈਕ ਲਿਸਟ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


ਟਿਕ-ਟੌਕ ਵਾਲੇ ਇਸ ਡਰਾਈਵਰ ਦਾ ਨਾਂ ਅਮਨਜੋਤ ਸਿੰਘ ਹੈ ਤੇ ਵੀਡੀਓ ਇੱਕ ਜੁਲਾਈ ਦੀ ਰਾਤ ਦਾ ਹੈ। ਅਮਨਜੋਤ ਨੇ ਇਹ ਵੀਡੀਓ ਜਲੰਧਰ ਤੋਂ ਦਿੱਲੀ ਤੱਕ ਦੇ ਸਫਰ ਦੌਰਾਨ ਬਣਾਇਆ ਹੈ। ਵੀਡੀਓ ਵੇਖਦੇ ਹੀ ਵੇਖਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਡਰਾਈਵਰ ਨੂੰ ਸਸਪੈਂਡ ਕਰਕੇ ਬਲੈਕ ਲਿਸਟ ਕਰ ਦਿੱਤਾ ਗਿਆ ਹੈ ਤਾਂ ਜੋ ਉਹ ਕਦੇ ਕੋਈ ਬੱਸ ਚਲਾ ਹੀ ਨਾ ਸਕੇ।

ਪੰਜਾਬ ਰੋਡਵੇਜ਼ ਜਲੰਧਰ ਦੇ ਜਨਰਲ ਮੈਨੇਜਰ ਪਰਨੀਤ ਸਿੰਘ ਦਾ ਕਹਿਣਾ ਹੈ ਕਿ ਡਰਾਈਵਰ ਦੇ ਇਸ ਕਾਰੇ ਲਈ ਉਹ ਸ਼ਰਮਿੰਦਾ ਹਨ। ਆਉਣ ਵਾਲੇ ਦਿਨਾਂ ਵਿੱਚ ਰੋਡਵੇਜ਼ ਡਰਾਈਵਰਾਂ ਦੇ ਡੋਪ ਟੈਸਟ ਵੀ ਕਰਵਾਏ ਜਾਣਗੇ ਤਾਂ ਜੋ ਨਸ਼ੇ ਕਰਨ ਵਾਲਿਆਂ ਦੀ ਪਛਾਣ ਹੋ ਸਕੇ।