ਜਗਰਾਓਂ
  :  ਪੰਜਾਬ 'ਚ ਦਿਨੋਂ-ਦਿਨ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ 'ਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ। ਲੁਧਿਆਣਾ ਸ਼ਹਿਰ ’ਚ ਵਧੀਆਂ ਚੋਰੀਆਂ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਅਜਿਹੀ ਹੀ ਘਟਨਾ ਸ਼ੁੱਕਰਵਾਰ ਸ਼ਾਮ ਨੂੰ ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਵਿੱਚ ਵਾਪਰੀ ਹੈ , ਜਿੱਥੇ ਨਕਾਬਪੋਸ਼ ਲੁਟੇਰੇ ਨੇ ਪਿਸਤੌਲ ਦੀ ਨੋਕ 'ਤੇ ਫੈਕਟਰੀ ਦੇ ਮਾਲਕ ਨੂੰ ਲੁੱਟ ਲਿਆ ਹੈ। 


 

ਪ੍ਰਾਪਤ ਜਾਣਕਾਰੀ ਅਨੁਸਾਰ ਨਕਾਬਪੋਸ਼ ਬਦਮਾਸ਼ ਫੈਕਟਰੀ ਅੰਦਰ ਦਾਖਲ ਹੋਇਆ ਅਤੇ ਫੈਕਟਰੀ ਦੇ ਮਾਲਕ ਵੱਲ ਪਿਸਤੌਲ ਤਾਣ ਕੇ ਉਸ ਨੂੰ ਪਹਿਨੀ ਹੋਈ ਅੰਗੂਠੀ ਉਤਾਰਨ ਲਈ ਕਹਿਣ ਲੱਗਾ ਅਤੇ ਖੋਹ ਕੇ ਫ਼ਰਾਰ ਹੋ ਗਿਆ। ਜਦੋਂ ਬਦਮਾਸ਼ ਫੈਕਟਰੀ ਦੇ ਬਾਹਰ ਜਾਣ ਲੱਗਾ ਤਾਂ ਫੈਕਟਰੀ ਦੇ ਮਾਲਕ ਅਤੇ ਕਰਮਚਾਰੀਆਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਹੱਥ ਨਹੀਂ ਲੱਗਾ। ਇਹ ਘਟਨਾ ਡਿਸਪੋਜ਼ਲ ਰੋਡ 'ਤੇ ਸਥਿਤ ਚੱਢਾ ਸੂਰਜ ਫੀਡ ਫੈਕਟਰੀ ਦੀ ਹੈ। 

 

ਫੈਕਟਰੀ ਮਾਲਕ ਵਿਨੋਦ ਗਰਗ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਜਦੋਂ ਉਹ ਡਿਸਪੋਜ਼ਲ ਰੋਡ 'ਤੇ ਸਥਿਤ ਫੀਡ ਫੈਕਟਰੀ 'ਚ ਆਪਣੇ ਦਫਤਰ 'ਚ ਕਿਸੇ ਨਾਲ ਫੋਨ 'ਤੇ ਗੱਲ ਕਰ ਰਿਹਾ ਸੀ ਤਾਂ ਅਚਾਨਕ ਇਕ ਨਕਾਬਪੋਸ਼ ਨੌਜਵਾਨ ਦਫਤਰ 'ਚ ਦਾਖਲ ਹੋ ਗਿਆ। ਬਦਮਾਸ਼ ਨੇ ਪਿਸਤੌਲ ਤਾਣ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਵਿਨੋਦ ਗਰਗ ਅਨੁਸਾਰ ਉਸ ਨੇ ਘਬਰਾ ਕੇ ਆਪਣੀ ਜੇਬ ਵਿਚ ਪਏ ਕੁਝ ਪੈਸੇ ਬਦਮਾਸ਼ ਨੂੰ ਦੇ ਦਿੱਤੇ। ਜਿਸ ਮਗਰੋਂ ਫੈਕਟਰੀ ਮਾਲਕ ਵਿਨੋਦ ਗਰਗ ਨੇ ਇਸ ਘਟਨਾ ਦੀ ਸੂਚਨਾ ਸਿਟੀ ਪੁਲੀਸ ਨੂੰ ਦਿੱਤੀ।

 

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਸਿਟੀ ਸਤਵਿੰਦਰ ਸਿੰਘ ਵਿਰਕ ਅਤੇ ਥਾਣਾ ਸਦਰ ਦੇ ਇੰਚਾਰਜ ਸਤਪਾਲ ਸਿੰਘ ਪੁਲੀਸ ਮੁਲਾਜ਼ਮਾਂ ਸਮੇਤ ਮੌਕੇ ’ਤੇ ਪੁੱਜੇ ਅਤੇ ਜਾਂਚ ਵਿੱਚ ਜੁੱਟ ਗਏ। ਥਾਣਾ ਇੰਚਾਰਜ ਸਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ  ਫੈਕਟਰੀ 'ਚ ਲੱਗੇ ਸੀਸੀਟੀਵੀ ਫੁਟੇਜ ਨੂੰ ਖੰਗਾਲ ਰਹੀ ਹੈ ਤਾਂ ਜੋ ਫੈਕਟਰੀ ਮਾਲਕ ਵਿਨੋਦ ਗਰਗ ਨੂੰ ਲੁੱਟਣ ਵਾਲੇ ਨਕਾਬਪੋਸ਼ ਲੁਟੇਰੇ ਬਾਰੇ ਕੋਈ ਸੁਰਾਗ ਮਿਲ ਸਕੇ। ਮੁਲਜ਼ਮ ਸੀਸੀਟੀਵੀ ਵਿੱਚ ਨਜ਼ਰ ਆ ਗਿਆ ਹੈ ਅਤੇ ਉਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।