ਅੰਮ੍ਰਿਤਸਰ: ਸ਼ਹਿਰ ਦੇ ਮਾਲ ਰੋਡ ਸਥਿਤ ਪੈਲੇਸ ਵਿੱਚ ਹੋ ਰਹੇ ਮੰਗਣੀ ਸਮਾਗਮ ਵਿੱਚ ਰਿਸ਼ਤੇਦਾਰਾਂ ਦੇ ਭੇਸ ਵਿੱਚ ਆਏ ਮੁੰਡਾ-ਕੁੜੀ ਦੇ ਜੋੜੇ ਨੇ ਗਹਿਣਿਆਂ ਤੇ ਪੈਸਿਆਂ ਦੇ ਬੈਗ ਉੱਤੇ ਹੱਥ ਸਾਫ਼ ਕਰ ਦਿੱਤਾ। ਦੋਵਾਂ ਨੇ ਇੰਨੇ ਸੌਖੇ ਤਰੀਕੇ ਨਾਲ ਹੱਥ ਸਾਫ਼ ਕੀਤਾ ਕਿ ਕਿਸੇ ਨੂੰ ਇਸ ਦੀ ਖ਼ਬਰ ਵੀ ਨਹੀਂ ਹੋਈ। ਉਂਝ ਸੀਸੀਟੀਵੀ ਦੀ ਮਦਦ ਨਾਲ ਇਨ੍ਹਾਂ ਵੱਲੋਂ ਕੀਤੀ ਗਈ ਚਲਾਕੀ ਫੜੀ ਗਈ। ਖ਼ਾਸ ਗੱਲ ਇਹ ਹੈ ਕਿ ਲੜਕੇ ਤੇ ਲੜਕੀ ਵਾਲੇ ਇਨ੍ਹਾਂ ਨੂੰ ਇੱਕ-ਦੂਜੇ ਦੇ ਰਿਸ਼ਤੇਦਾਰ ਸਮਝਦੇ ਰਹੇ।
ਸਮਾਗਮ ਵਿੱਚ ਸ਼ਾਮਲ ਮੰਗਣੀ ਵਾਲੇ ਲੜਕੇ ਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਰਾਤ ਮੁੰਡਾ ਤੇ ਕੁੜੀ ਪੈਲੇਸ ਦੇ ਅੱਠ ਵਜੇ ਦੇ ਕਰੀਬ ਆਏ। ਦੋਹਾਂ ਨੇ ਅੰਦਰ ਆਉਣ ਤੋਂ ਬਾਅਦ ਪੈਲੇਸ ਵਿੱਚ ਖਾਣਾ ਖਾਧਾ। ਇਸ ਤੋਂ ਬਾਅਦ ਰਾਤੀ 11.30 ਵਜੇ ਦੇ ਕਰੀਬ ਅਚਾਨਕ ਦੋਵੇਂ ਪੈਲੇਸ ਵਿਚੋਂ ਬਾਹਰ ਚਲੇ ਗਏ। ਇਸੇ ਦੌਰਾਨ ਪੈਲੇਸ ਵਿੱਚੋਂ ਗਹਿਣਿਆਂ ਵਾਲਾ ਬੈਗ ਗ਼ਾਇਬ ਹੋ ਗਿਆ।
ਇਸ ਤੋਂ ਬਾਅਦ ਪੂਰੇ ਪੈਲੇਸ ਵਿੱਚ ਅਫ਼ਰਾ ਤਫ਼ਰੀ ਮੱਚ ਗਈ। ਸਾਰੀਆਂ ਥਾਵਾਂ ਉੱਤੇ ਤਲਾਸ਼ ਕਰਨ ਤੋਂ ਬਾਅਦ ਵੀ ਬੈਗ ਨਹੀਂ ਮਿਲਿਆ। ਇਸ ਤੋਂ ਬਾਅਦ ਪੈਲੇਸ ਦੀ ਸੀਸੀਟੀਵੀ ਵੀਡੀਓ ਚੈੱਕ ਕੀਤੀ ਗਈ ਤਾਂ ਪਤਾ ਲੱਗਾ ਇਹ ਕੰਮ ਇੱਕ ਮੁੰਡਾ-ਕੁੜੀ ਦਾ ਹੈ। ਲੜਕੇ ਵਾਲਿਆਂ ਅਨੁਸਾਰ ਬੈਗ ਵਿੱਚ ਸ਼ਗਨ ਤੇ ਕਾਫ਼ੀ ਜ਼ਿਆਦਾ ਗਹਿਣੇ ਅਤੇ ਨਕਦੀ ਚਾਰ ਲੱਖ ਰੁਪਏ ਦੇ ਕਰੀਬ ਸੀ। ਪੁਲਿਸ ਨੇ ਕੇਸ ਦਰਜ ਕਰ ਕੇ ਸੀਸੀਟੀਵੀ ਦੀ ਮਦਦ ਨਾਲ ਮੁੰਡੇ ਕੁੜੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।