Karva Chauth 2022 : ਖੰਨਾ 'ਚ ਲੁਟੇਰੇ ਬੇਖੌਫ ਹੋ ਕੇ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਕਰਵਾ ਚੌਥ ਦੇ ਦਿਨ ਤਾਂ ਲੁਟੇਰਿਆਂ ਨੇ ਥਾਣੇ ਦੇ ਬਾਹਰ ਹੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਵਰਤ ਦੇ ਲਈ ਕਰਵਾ ਲੈ ਕੇ ਆ ਰਹੀ ਸਰਕਾਰੀ ਅਧਿਆਪਕਾ ਉਪਰ ਹਮਲਾ ਕਰਕੇ ਸੋਨੇ ਦੀ ਚੈਨੀ ਖੋਹੀ ਗਈ। ਦੋ ਮੋਟਰਸਾਈਕਲਾਂ ਉਪਰ ਸਵਾਰ 4 ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਵਾਰਦਾਤ ਮਗਰੋਂ ਅਧਿਆਪਕਾ ਬੇਹੋਸ਼ ਹੋ ਗਈ, ਜਿਸਨੂੰ ਹਸਪਤਾਲ ਦਾਖਲ ਕਰਾਉਣਾ ਪਿਆ। ਇੱਕ ਘੰਟੇ ਮਗਰੋਂ ਉਸਨੂੰ ਹੋਸ਼ ਆਇਆ। ਇਲਾਜ ਖਾਤਰ ਅਧਿਆਪਕਾ ਨੂੰ ਆਪਣਾ ਵਰਤ ਤੋੜਨਾ ਪਿਆ।

ਖੰਨਾ ਦੇ ਪੀਰਖਾਨਾ ਰੋਡ ਉਪਰ ਨਿੱਜੀ ਹਸਪਤਾਲ ਵਿਖੇ ਜੇਰੇ ਇਲਾਜ ਅਧਿਆਪਕਾ ਸੁਨੀਤਾ ਰਾਣੀ ਨੇ ਦੱਸਿਆ ਕਿ ਉਹ ਕਰਵਾ ਚੌਥ ਦੇ ਵਰਤ ਦਾ ਸਾਮਾਨ ਲੈ ਕੇ ਵਾਪਸ ਘਰ ਆ ਰਹੀ ਸੀ। ਜਿਵੇਂ ਹੀ ਉਹ ਸਿਟੀ ਥਾਣੇ ਦੇ ਬਾਹਰਲੇ ਪਾਸੇ ਘਰ ਵੱਲ ਜਾ ਰਹੀ ਸੀ ਤਾਂ ਇਸੇ ਦੌਰਾਨ ਉਸਦਾ ਪਿੱਛਾ ਕਰ ਰਹੇ ਮੋਟਰਸਾਇਕਲ ਸਵਾਰ ਲੁਟੇਰਿਆਂ ਚੋਂ ਇੱਕ ਨੇ ਆ ਕੇ ਉਸਨੂੰ ਧੱਕਾ ਮਾਰਿਆ ਅਤੇ ਚੈਨੀ ਨੂੰ ਹੱਥ ਪਾ ਲਿਆ। ਉਸਨੇ ਚੈਨੀ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰੇ ਨੇ ਉਸਨੂੰ ਲੱਤ ਮਾਰ ਕੇ ਸੁੱਟ ਦਿੱਤਾ ਅਤੇ ਚੈਨੀ ਖੋਹ ਕੇ ਫਰਾਰ ਹੋ ਗਏ।

 


 

ਇਸ ਉਪਰੰਤ ਉਹ ਬੇਹੋਸ਼ ਹੋ ਕੇ ਡਿੱਗ ਗਈ ਅਤੇ ਉਸਨੂੰ ਹਸਪਤਾਲ ਦਾਖਲ ਕਰਾਇਆ ਗਿਆ। ਸੁਨੀਤਾ ਦੀ ਰਿਸ਼ਤੇਦਾਰ ਪਰਮਜੀਤ ਕੌਰ ਨੇ ਦੱਸਿਆ ਕਿ ਸਿਟੀ ਥਾਣੇ ਦੇ ਨਾਲ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸੁਨੀਤਾ ਨੇ ਚੈਨੀ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ। ਪ੍ਰੰਤੂ ਲੁਟੇਰੇ ਹਮਲਾ ਕਰਕੇ ਚੈਨੀ ਖੋਹ ਕੇ ਫਰਾਰ ਹੋ ਗਏ। ਲੁਟੇਰਿਆਂ ਦੀ ਗਿਣਤੀ ਚਾਰ ਸੀ ,ਜੋ ਦੋ ਮੋਟਰਸਾਈਕਲਾਂ ਉਪਰ ਸਵਾਰ ਸਨ।

ਉਥੇ ਹੀ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਸਿਟੀ ਥਾਣਾ ਮੁਖੀ ਅਮਨਦੀਪ ਸਿੰਘ ਨੇ ਕਿਹਾ ਕਿ ਉਹਨਾਂ ਕੋਲ ਸ਼ਿਕਾਇਤ ਆ ਗਈ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਆਲੇ ਦੁਆਲੇ ਸੀਸੀਟੀਵੀ ਦੇਖੇ ਜਾਣਗੇ ਅਤੇ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਥਾਣੇ ਦੇ ਨਾਲ ਲੱਗਦੀ ਗਲੀ ਚ ਔਰਤ ਦਾ ਘਰ ਹੈ ਜਿਸਦੇ ਬਾਹਰ ਇਹ ਵਾਰਦਾਤ ਹੋਈ।