10 Crore Lottery: ਕਿਸਮਤ ਦੀਆਂ ਖੇਡਾਂ ਨੂੰ ਕੋਈ ਨਹੀਂ ਸਮਝ ਸਕਿਆ। ਬੇਸੱਕ ਬਹੁਤ ਸਾਰੇ ਲੋਕ ਕਿਸਮਤ ਵਿੱਚ ਭਰੋਸਾ ਨਹੀਂ ਕਰਦੇ ਪਰ ਕਈ ਵਾਰ ਅਜਿਹੀਆਂ ਗੱਲਾਂ ਵਾਪਰ ਜਾਂਦੀਆਂ ਹਨ ਜੋ ਸਭ ਨੂੰ ਹੈਰਾਨ ਕਰ ਦਿੰਦੀਆਂ ਹਨ। ਅਜਿਹਾ ਹੀ ਮਾਮਲਾ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਵਿੱਚ ਵੇਖਣ ਨੂੰ ਮਿਲਿਆ। ਇੱਥੇ ਇੱਕ ਸ਼ਖਸ ਨੇ ਪੈਸੇ ਕਮਾਉਣ ਲਈ ਪੂਰੀ ਉਮਰ ਲਾ ਦਿੱਤੀ ਪਰ ਗਰੀਬੀ ਨੇ ਖਹਿੜਾ ਨਾ ਛੱਡਿਆ। ਆਖਰ ਹੁਣ ਉਹ ਰਾਤੋ-ਰਾਤ ਕਰੋੜਪਤੀ ਬਣ ਗਿਆ ਹੈ।
ਜੀ ਹਾਂ, ਰੂਪਨਗਰ ਦੇ ਪਿੰਡ ਬੜਵਾ ਦੇ ਹਰਪਿੰਦਰ ਸਿੰਘ ਪੱਪੂ ਨੂੰ 10 ਕਰੋੜ ਰੁਪਏ ਦੀ ਲਾਟਰੀ ਦਾ ਪਹਿਲਾ ਇਨਾਮ ਨਿਕਲਿਆ ਹੈ। ਇਸ ਦੀ ਸੂਚਨਾ ਜਦੋਂ ਹਰਪਿੰਦਰ ਦੇ ਪਰਿਵਾਰ ਨੂੰ ਮਿਲੀ ਤਾਂ ਉਨ੍ਹਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਜ਼ਿਲ੍ਹਾ ਰੂਪਨਗਰ ’ਚ 25 ਸਾਲਾਂ ਦੇ ਰਿਕਾਰਡ ਵਿੱਚ ਇੰਨੀ ਵੱਡੀ ਰਕਮ ਦਾ ਇਹ ਪਹਿਲਾ ਇਨਾਮ ਦੱਸਿਆ ਜਾ ਰਿਹਾ ਹੈ। ਪੱਪੂ ਨੇ ਪੂਰੀ ਜ਼ਿੰਦਗੀ ਕਾਫੀ ਮਿਹਨਤ ਕੀਤੀ। ਉਸ ਨੇ ਵਿਦੇਸ਼ ਜਾ ਕੇ ਡਰਾਈਵਰੀ ਵੀ ਕੀਤੀ ਪਰ ਘਰ ਦੇ ਹਾਲਾਤ ਨਾ ਸੁਧਰੇ।ਇਸ ਵੇਲੇ ਉਹ ਕਾਫੀ ਆਰਥਿਕ ਸੰਕਟ ਵਿੱਚੋਂ ਲੰਘ ਰਿਹਾ ਸੀ। ਅਚਾਨਕ ਉਸ ਦੀ 10 ਕਰੋੜ ਦੀ ਲਾਟਰੀ ਨਿਕਲ ਗਈ।
ਇਨਾਮ ਜੇਤੂ ਹਰਪਿੰਦਰ ਨੇ ਦੱਸਿਆ ਕਿ ਉਨ੍ਹਾਂ ਲੋਹੜੀ ਬੰਪਰ ਲਈ ਦੋ ਟਿਕਟਾਂ ਨੂਰਪੁਰ ਬੇਦੀ ਦੇ ਇਕ ਲਾਟਰੀ ਸਟਾਲ ਤੋਂ ਖ਼ਰੀਦੀਆਂ ਸਨ। ਡਰਾਅ ਤੋਂ ਬਾਅਦ ਉਨ੍ਹਾਂ ਨੂੰ ਰੂਪਨਗਰ ਤੋਂ ਅਸ਼ੋਕਾ ਲਾਟਰੀਜ਼ ਵਾਲਿਆਂ ਦਾ ਫੋਨ ਆਇਆ ਕਿ ਉਨ੍ਹਾਂ ਦੀ 10 ਕਰੋੜ ਦੀ ਲਾਟਰੀ ਨਿਕਲੀ ਹੈ। ਉਨ੍ਹਾਂ ਨੇ ਪਰਿਵਾਰ ਦਾ ਸਨਮਾਨ ਵੀ ਕੀਤਾ।
ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਸਾਊਦੀ ਅਰਬ ਵਿਖੇ ਡਰਾਈਵਰੀ ਕਰਦੇ ਸਨ ਪਰ ਹੁਣ ਪਰਿਵਾਰ ਗ਼ਰੀਬੀ ਦੀ ਹਾਲਤ ’ਚ ਹੈ। ਉਸ ਦੀ ਪਤਨੀ ਕੋਠੇ ਤੋਂ ਡਿੱਗ ਕੇ ਸਖਤ ਫੱਟੜ ਹੋ ਗਈ ਸੀ। ਉਸ ਦਾ ਲੜਕਾ ਵੀ ਇੱਕ ਹਾਦਸੇ ਦੌਰਾਨ ਜ਼ਖਮੀ ਹੋ ਗਿਆ ਸੀ। ਦੋਵਾਂ ਦਾ ਇਲਾਜ ਚੱਲ ਰਿਹਾ ਹੈ। ਉਸ ਨੇ ਕਿਹਾ ਕਿ ਇਸ ਪੈਸੇ ਨਾਲ ਪਹਿਲਾਂ ਉਹ ਪਤਨੀ ਤੇ ਬੇਟੇ ਦਾ ਇਲਾਜ ਕਰਵਾਏਗਾ ਤੇ ਫਿਰ ਉਹ ਇਸ ਪੈਸੇ ਨਾਲ ਬਿਜ਼ਨਸ ਕਰਨਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।