ਚੰਡੀਗੜ: ਖੇਤਰੀ ਭਾਸ਼ਾਈ ਅਖ਼ਬਾਰ ਵਿੱਚ ਛਪੀ ਇੱਕ ਖਬਰ ਨੂੰ ਸਿਰੇ ਤੋਂ ਨਕਾਰਦਿਆਂ ਅੱਜ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਮਹਾਂਮਾਰੀ ਵਿਗਿਆਨੀ ਡਾ. ਹਰਮਨਦੀਪ ਕੌਰ ਨੇ ਕਿਹਾ ਕਿ ਜ਼ਿਲ੍ਹਾ ਮੁਹਾਲੀ ਵਿੱਚ ਹਾਲੇ ਤੱਕ ਮੌਂਕੀਪਾਕਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। 


ਜ਼ਿਕਰਯੋਗ ਹੈ ਕਿ ਖਬਰਾਂ ‘ਚ ਕਿਹਾ ਗਿਆ ਸੀ ਕਿ ਸ਼ਹਿਰ ਦੇ ਇੱਕ ਸਕੂਲ ਦੇ ਵਿਦਿਆਰਥੀਆਂ ‘ਚ ਮੌਂਕੀਪਾਕਸ ਦੇ ਕੁਝ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਸਬੰਧਤ ਖ਼ਬਰ ਪੂਰੀ ਤਰਾਂ ਬੇਬੁਨਿਆਦ ਅਤੇ ਤੱਥਾਂ ਤੋਂ ਸੱਖਣੀ ਹੈ। ਉਨਾਂ ਸਪੱਸ਼ਟ ਕੀਤਾ ਕਿ ਸਬੰਧਤ ਸਕੂਲ ਦੇ ਤਿੰਨ ਵਿਦਿਆਰਥੀਆਂ ਵਿੱਚ ਹੱਥ-ਪੈਰ ਅਤੇ ਮੂੰਹ ਦੀ ਬਿਮਾਰੀ ਨਾਲ ਸਬੰਧਤ ਕੁਝ ਲੱਛਣ ਸਨ, ਜਿਨਾਂ ਦੇ ਸੈਂਪਲ ਲੈ ਕੇ ਜਾਂਚ ਲਈ ਲੈਬ ਵਿੱਚ ਭੇਜੇ ਗਏ ਸਨ।


ਇੱਕ ਸੈਂਪਲ ਦੀ ਰਿਪੋਰਟ ਅਨੁਸਾਰ ਇੱਕ ਵਿਦਿਆਰਥੀ ਨੂੰ ਹੱਥ, ਪੈਰ ਅਤੇ ਮੂੰਹ ਦੀ ਬਿਮਾਰੀ ਹੈ ਜਦਕਿ ਬਾਕੀ ਦੋ ਸੈਂਪਲਾਂ ਦੀ ਰਿਪੋਰਟ ਜਲਦੀ ਹੀ ਆ ਜਾਵੇਗੀ। ਉਨਾਂ ਨੇ ਕਿਹਾ, ਹੁਣ ਤੱਕ, ਦੇਸ਼ ’ਚ ਮੌਂਕੀਪਾਕਸ ਦੇ ਦੋ ਕੇਸ ਆਏ ਹਨ ਅਤੇ ਸੂਬੇ ਵਿੱਚ ਅਜਿਹਾ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ ਹੈ।


ਅਧਿਕਾਰੀਆਂ ਨੇ ਕਿਹਾ ਕਿ ਹੱਥ ਪੈਰ ਅਤੇ ਮੂੰਹ ਦੀ ਬਿਮਾਰੀ ਆਮ ਤੌਰ ’ਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪ੍ਰਭਾਵਿਤ ਕਰਦੀ ਹੈ। ਜੇ ਇਸ ਬਿਮਾਰੀ ਦੇ ਮੁੱਖ ਲੱਛਣਾਂ ਦੀ ਗੱਲ ਕਰੀਏ ਤਾਂ ਇਸ ਬਿਮਾਰੀ ਦੌਰਾਨ ਮੂੰਹ ’ਚ ਛਾਲੇ ਅਤੇ ਹੱਥਾਂ ਅਤੇ ਪੈਰਾਂ ‘ਤੇ ਲਾਲ ਧੱਫੜ ਹੋ ਜਾਂਦੇ ਹਨ।