ਚੰਡੀਗੜ੍ਹ: ਬੇਅਦਬੀ ਤੇ ਗੋਲੀ ਕਾਂਡ ਦੀ ਜਾਂਚ ਵਿੱਚ ਸੀਨੀਅਰ ਪੁਲਿਸ ਅਫਸਰ ਬੁਰੀ ਤਰ੍ਹਾਂ ਘਿਰਦੇ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਜਾਂਚ ਦੀਆਂ ਸਾਰੀਆਂ ਕੜੀਆਂ ਜੁੜਨ ਮਗਰੋਂ ਇਸ ਦਾ ਸੇਕ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਨੂੰ ਵੀ ਲੱਗ ਸਕਦਾ ਹੈ। ਇਸ ਮਾਮਲੇ ਦੀ ਪੜਤਾਲ ਵਿੱਚ ਜੁਟੀ ਵਿਸ਼ੇਸ਼ ਜਾਂਚ ਟੀਮ (ਸਿੱਟ) ਦੇ ਤੇਵਰਾਂ ਤੋਂ ਸਪਸ਼ਟ ਹੈ ਕਿ ਉਹ ਜਲਦ ਤੋਂ ਜਲਦ ਦੋਸ਼ੀਆਂ ਤੱਕ ਪਹੁੰਚਣਾ ਚਾਹੁੰਦੀ ਹੈ।


ਉਧਰ, ਫੋਰੈਂਸਿਕ ਲੈਬ ਦੀ ਰਿਪੋਰਟ ਨੇ ਪੁਲਿਸ ਅਫਸਰਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਸੂਤਰਾਂ ਮੁਤਾਬਕ ਫੋਰੈਂਸਿਕ ਲੈਬ ਨੇ ਆਪਣੀ ਰਿਪੋਰਟ ਵਿੱਚ ਸਪੱਸ਼ਟ ਕਰ ਦਿੱਤਾ ਹੈ ਕਿ ਪੁਲਿਸ ਵੱਲੋਂ ਚਲਾਈ ਗੋਲੀ ਦੇ ਜਿਹੜੇ ਖੋਲ੍ਹ ਮੌਕੇ ਤੋਂ ਮਿਲੇ ਹਨ, ਉਨ੍ਹਾਂ ਨਾਲ ਛੇੜਛਾੜ ਕੀਤੀ ਹੋਈ ਹੈ। ਪੁਲਿਸ ਵਾਹਨਾਂ ਦੀ ਕੀਤੀ ਭੰਨਤੋੜ ਵੀ ਪੁਲਿਸ ਦੀ ਹੀ ਕਾਰਵਾਈ ਜਾਪਦੀ ਹੈ। ਇਹ ਤੱਥ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਦੇ ਉਹ ਦਾਅਵੇ ਪੂਰੀ ਤਰ੍ਹਾਂ ਰੱਦ ਹੁੰਦੇ ਜਾਪਦੇ ਹਨ, ਜਿਨ੍ਹਾਂ ਵਿੱਚ ਪੁਲਿਸ ਨੇ ਦੰਗਈ ਭੀੜ ਨੂੰ ਖਦੇੜਣ ਲਈ ਸਵੈ-ਰੱਖਿਆ ਲਈ ਗੋਲੀਆਂ ਚਲਾਉਣ ਦਾ ਦਾਅਵਾ ਕੀਤਾ ਸੀ।

ਹੁਣ ਸਿੱਟ ਦੇ ਨਿਸਾਨੇ 'ਤੇ ਐਸਪੀ ਬਿਕਰਮ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ ਤੇ ਬਾਜਾਖਾਨਾ ਦੇ ਸਾਬਕਾ ਐਸਐਚਓ ਅਮਰਜੀਤ ਸਿੰਘ ਕੁਲਾਰ ਹਨ। ਉਨ੍ਹਾਂ ਨੇ ਅਗਾਊਂ ਜ਼ਮਾਨਤ ਦੀਆਂ ਅਰਜ਼ੀਆਂ ਲਾਈਆਂ ਹਨ ਪਰ ਇਸ ਦੀ ਸੁਣਵਾਈ ਹੁਣ ਇੱਕ ਫਰਵਰੀ ਨੂੰ ਹੋਏਗੀ। ਇਸ ਦੇ ਨਾਲ ਹੀ ਸਿੱਟ ਬਹਿਬਲ ਕਾਂਡ ਸਬੰਧੀ ਦਰਜ ਕੇਸ ਨੂੰ ਹੋਰ ਮਜ਼ਬੂਤ ਕਰਨ ਜਾ ਰਹੀ ਹੈ।

ਸਿੱਟ ਨੇ ਐਫਆਈਆਰ ਵਿੱਚ ਆਈਪੀਸੀ ਦੀ ਧਾਰਾ 120 ਬੀ (ਅਪਰਾਧ ਲਈ ਸਾਜਿਸ਼ ਰਚਣਾ), 218 (ਸਰਕਾਰੀ ਅਧਿਕਾਰੀ ਵੱਲੋਂ ਦੋਸ਼ੀ ਨੂੰ ਬਚਾਉਣ ਲਈ ਗਲਤ ਰਿਕਾਰਡ ਤਿਆਰ ਕਰਨਾ) ਤੇ 201 (ਲੋੜੀਂਦੇ ਸਬੂਤ ਜਾਂ ਗਵਾਹੀ ਨੂੰ ਖ਼ਤਮ ਕਰਨਾ) ਆਦਿ ਇਲਜ਼ਾਮਾਂ ਦਾ ਵਾਧਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਮੁਕੱਦਮੇ ਵਿੱਚੋਂ ਆਈਪੀਸੀ ਦੀ ਧਾਰਾ 148, 149 (ਹਥਿਆਰਬੰਦ ਹੋ ਕੇ ਦੰਗੇ ਕਰਨਾ ਤੇ ਉਸ ਦਾ ਹਿੱਸਾ ਬਣਨਾ) ਨੂੰ ਹਟਾ ਦਿੱਤਾ ਹੈ।

ਸਿੱਟ ਮੁਤਾਬਕ ਇਸ ਬਾਰੇ ਲੋੜੀਂਦੀਆਂ ਸੋਧਾਂ ਕਰਕੇ ਸਪੈਸ਼ਲ ਰਿਪੋਰਟਾਂ ਇਲਾਕਾ ਮੈਜਿਸਟਰੇਟ ਚੇਤਨ ਸ਼ਰਮਾ ਦੀ ਅਦਾਲਤ ਵਿੱਚ ਜਮ੍ਹਾਂ ਕਰਵਾ ਦਿੱਤੀਆਂ ਹਨ। ਇਹ ਸੋਧ ਹੁਣ ਕਾਨੂੰਨੀ ਤੌਰ ਉੱਤੇ ਅਦਾਲਤੀ ਰਿਕਾਰਡ ਦਾ ਹਿੱਸਾ ਬਣ ਗਈ ਹੈ। ਮੁਕੱਦਮੇ ਵਿੱਚ ਕੀਤੀ ਇਹ ਸੋਧ ਇਸ ਗੱਲ ਦਾ ਸੰਕੇਤ ਹੈ ਕਿ ਵਿਸ਼ੇਸ਼ ਜਾਂਚ ਟੀਮ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਤੇ ਹੋਰ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਪੁੱਛਗਿੱਛ ਲਈ ਬੁਲਾ ਸਕਦੀ ਹੈ।