ਚੰਡੀਗੜ੍ਹ: ਅੰਮ੍ਰਿਤਸਰ ਵਿੱਚ ਅਕਾਲੀ ਲੀਡਰ ਦੀ ਕੋਠੀ ਵਿੱਚੋਂ 1000 ਕਰੋੜ ਰੁਪਏ ਤੋਂ ਵੱਧ ਕੀਮਤ ਦੇ 450 ਕਿੱਲੋ ਨਸ਼ੀਲੇ ਪਦਾਰਥ ਫੜੇ ਜਾਣ ਮਗਰੋਂ ਕੈਪਟਨ ਸਰਕਾਰ 'ਤੇ ਵੀ ਸਵਾਲ ਉੱਠਣ ਲੱਗੇ ਹਨ। ਪੰਜਾਬ ਸਰਕਾਰ ਦਾਅਵੇ ਕਰਦੀ ਆ ਰਹੀ ਹੈ ਕਿ ਨਸ਼ਿਆਂ ਦਾ ਨੈੱਟਵਰਕ ਤੋੜ ਦਿੱਤਾ ਗਿਆ ਹੈ ਪਰ ਸ਼ਰੇਆਮ ਚੱਲ ਰਹੀ ਨਸ਼ੇ ਦੀ ਫੈਕਟਰੀ ਨੇ ਸਾਰੀ ਪੋਲ ਖੋਲ੍ਹ ਦਿੱਤੀ ਹੈ।


ਇਸ ਮਾਮਲੇ ਦੇ ਤਾਰ ਅਕਾਲੀ ਲੀਡਰਾਂ ਦੇ ਨਾਲ-ਨਾਲ ਕਾਂਗਰਸੀਆਂ ਨਾਲ ਵੀ ਜੁੜਦੀ ਨਜ਼ਰ ਆ ਰਹੀ ਹੈ। ਉਧਰ, ਪੁਲਿਸ ਨੇ ਅਕਾਲੀ ਲੀਡਰ ਅਨਵਰ ਮਸੀਹ ਨੂੰ ਪੁੱਛਗਿੱਛ ਲਈ ਸੰਮਨ ਕੀਤਾ ਤਾਂ ਉਹ ਰੂਪੋਸ਼ ਹੋ ਗਿਆ। ਇਹ ਸਾਰੇ ਨਸ਼ੀਲੇ ਪਦਾਰਥ ਅਕਾਲੀ ਲੀਡਰ ਅਨਵਰ ਮਸੀਹ ਦੀ ਕੋਠੀ ਵਿੱਚੋਂ ਬਰਾਮਦ ਹੋਏ ਹਨ। ਉਂਝ ਉਸ ਨੇ ਇਹ ਕੋਠੀ ਅਗਾਂਹ ਕਿਰਾਏ ’ਤੇ ਦਿੱਤੀ ਹੋਈ ਸੀ।

ਇਸ ਦੇ ਨਾਲ ਹੀ ਕਾਂਗਰਸ ਵੀ ਕਸੂਤੀ ਘਿਰ ਗਈ ਹੈ। ਪੁਲਿਸ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਹੈ ਕਿ ਜਿਸ ਘਰ ਵਿੱਚ ਨਸ਼ਾ ਲੁਕਾਇਆ ਗਿਆ ਸੀ, ਉਹ ਕਾਂਗਰਸੀ ਕੌਂਸਲਰ ਪ੍ਰਦੀਪ ਸ਼ਰਮਾ ਨਾਲ ਸਬੰਧਤ ਹੈ। ਇਸ ਲਈ ਕਾਂਗਰਸੀ ਕੌਂਸਲਰ ਦੇ ਬੇਟੇ ਸਾਹਿਲ ਸ਼ਰਮਾ ਨੂੰ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਹੁਣ ਕਾਂਗਰਸ ਤੇ ਅਕਾਲੀ ਲੀਡਰ ਇਸ ਮਾਮਲੇ 'ਤੇ ਖਾਮੋਸ਼ ਹੋ ਗਏ ਹਨ ਪਰ ਆਮ ਆਦਮੀ ਪਾਰਟੀ ਤੇ ਹੋਰ ਵਿਰੋਧੀ ਧਿਰਾਂ ਨੂੰ ਨਿਸ਼ਾਨੇ ਲਾਉਣ ਦਾ ਮੌਕਾ ਮਿਲ ਗਿਆ ਹੈ।

ਇਸ ਦੇ ਨਾਲ ਹੀ ਪੁਲਿਸ ਦੀ ਕਾਰਗੁਜ਼ਾਰੀ ਵੀ ਸ਼ੱਕ ਦੇ ਘੇਰੇ ਵਿੱਚ ਹੈ। ਹੁਣ ਖੁਲਾਸਾ ਹੋਇਆ ਹੈ ਕਿ ਅਕਾਲੀ ਲੀਡਰ ਦੀ ਕੋਠੀ ਵਿੱਚੋਂ ਫੜੇ ਗਏ 450 ਕਿੱਲੋ ਨਸ਼ੀਲੇ ਪਦਾਰਥਾਂ ਵਿੱਚ ਸ਼ਾਮਲ ਲਗਪਗ 188 ਕਿੱਲੋ ਹੈਰੋਇਨ ਦੀ ਖੇਪ ਡੇਢ ਮਹੀਨਾ ਪਹਿਲਾਂ ਕੋਟਕਪੂਰਾ ਰਸਤੇ ਅੰਮ੍ਰਿਤਸਰ ਪੁੱਜੀ ਸੀ। ਇਸ ਨੂੰ ਅੰਮ੍ਰਿਤਸਰ ਦੇ ਮਜੀਠਾ ਰੋਡ ’ਤੇ ਇੱਕ ਘਰ ਵਿੱਚ ਰੱਖਿਆ ਗਿਆ ਸੀ। ਮਗਰੋਂ ਅਕਾਲੀ ਲੀਡਰ ਦੀ ਕੋਠੀ ਵਿੱਚ ਲਿਆਂਦਾ ਗਿਆ ਸੀ।

ਦੱਸ ਦਈਏ ਕਕਿ ਸਪੈਸ਼ਲ ਟਾਸਕ ਫੋਰਸ ਨੇ ਬੀਤੇ ਦਿਨ ਪਿੰਡ ਸੁਲਤਾਨਵਿੰਡ ਦੇ ਆਕਾਸ਼ ਐਵੀਨਿਊ ਦੀ ਕੋਠੀ ਵਿੱਚੋਂ 450 ਕਿੱਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਸਨ। ਇਸ ਵਿਚ 188 ਕਿੱਲੋ ਹੈਰੋਇਨ, 38 ਕਿੱਲੋ ਸਿੰਥੈਟਿਕ ਡਰੱਗ, 25 ਕਿੱਲੋ ਕੈਫਿਨ ਤੇ 6 ਡਰੰਮ ਰਸਾਇਣਕ ਮਿਸ਼ਰਨ (ਲੱਗਪਗ 207 ਕਿੱਲੋ ਕੈਮੀਕਲ) ਦੇ ਸਨ। ਇਸ ਮਾਮਲੇ ਵਿੱਚ ਪੁਲਿਸ ਨੇ ਅਫ਼ਗਾਨ ਨਾਗਰਿਕ ਅਰਮਾਨ ਬਸ਼ਰਮੱਲ ਸਮੇਤ ਜਿਮ ਕੋਚ ਸੁਖਵਿੰਦਰ ਸਿੰਘ, ਮੇਜਰ ਸਿੰਘ ਤੇ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸੇ ਕੇਸ ਵਿੱਚ ਕੁਝ ਦਿਨ ਪਹਿਲਾਂ ਸੁਖਬੀਰ ਸਿੰਘ ਉਰਫ਼ ਹੈਪੀ ਤੇ ਅੰਕੁਸ਼ ਕਪੂਰ ਕੱਪੜਾ ਵਪਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਕੋਲੋਂ ਛੇ ਕਿੱਲੋ ਹੈਰੋਇਨ ਬਰਾਮਦ ਹੋਈ ਸੀ।