Bikram S Majithia Drug 2021 Case: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ  ਭਗਵੰਤ ਮਾਨ ਤੇ ਡੀਜੀਪੀ  ਗੌਰਵ ਯਾਦਵ ਨੂੰ ਪੁੱਛਿਆਕਿ  ਉਹ ਦੱਸਣ ਕਿ ਉਹ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਝੂਠੇ ਸਬੂਤ ਕਿਉਂ ਤਿਆਰ ਕਰਨ ਦੇ ਯਤਨ ਕਰ ਰਹੇ ਹਨ ਤੇ ਸਾਬਕਾ ਅਕਾਲੀ ਆਗੂ ਉਪਕਾਰ ਸਿੰਘ ਸੰਧੂ ਦੀ ਬਾਂਹ ਮਰੋੜ ਕੇ ਉਹਨਾਂ ਨੂੰ ਕੇਸ ਵਿਚ ਗਵਾਹ ਬਣਨ ਤੇ ਝੂਠਾ ਬਿਆਨ ਦੇਣ ਵਾਸਤੇ ਮਜਬੂਰ ਕਿਉਂ ਕਰ ਰਹੇ ਹਨ।


ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਲੀਗਲ ਵਿੰਗ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਪਹਿਲਾਂ ਤਾਂ ਕੇਸ ਵਿਚ ਉਪਕਾਰ ਸਿੰਘ ਸੰਧੂ ਨੂੰ ਗਵਾਹ ਵਜੋਂ ਸੱਦਿਆ ਗਿਆ ਅਤੇ ਜਦੋਂ ਉਹਨਾਂ ਨੇ ਦੋ ਸਾਲ ਪਹਿਲਾਂ ਮਜੀਠੀਆ ਖਿਲਾਫ ਦਰਜ ਹੋਏ ਝੂਠੇ ਨਸ਼ਾ ਕੇਸ ਦੀ ਜਾਂਚ ਵਿਚ ਸ਼ਾਮਲ ਹੋਣ ਤੋਂ ਨਾਂਹ ਕੀਤੀ ਤਾਂ ਉਹਨਾਂ ਨੂੰ ਝੂਠੇ ਬਿਆਨ ’ਤੇ ਹਸਤਾਖ਼ਰ ਕਰਨ ਵਾਸਤੇ ਆਖਿਆ ਗਿਆ।


ਉਹਨਾਂ ਕਿਹਾ ਕਿ ਇਕ ਵਕੀਲ ਸਰਬਜੀਤ ਸਿੰਘ ਵੇਰਕਾ ਉਪਕਾਰ ਸਿੰਘ ਸੰਧੂ ਦੇ ਘਰ ਪਹੁੰਚੇ ਤੇ ਉਹਨਾਂ ਨੂੰ ਬਿਕਰਮ ਸਿੰਘ ਮਜੀਠੀਆ ਨੂੰ ਫਸਾਉਣ ਦੇ ਉਦੇਸ਼ ਵਾਲੇ ਝੂਠੇ ਬਿਆਨ ’ਤੇ ਹਸਤਾਖ਼ਰ ਕਰਨ ਵਾਸਤੇ ਆਖਿਆ।


ਐਡਵੋਕੇਟ ਕਲੇਰ ਨੇ ਕਿਹਾ ਕਿ ਇਸ ਮਗਰੋਂ ਉਪਕਾਰ ਸਿੰਘ ਸੰਧੂ ਨੂੰ ਇਕ ਟਾਈਪ ਕੀਤਾ ਹੋਇਆ ਬਿਆਨ ਦਿੱਤਾ ਗਿਆ ਜਿਸ ’ਤੇ ਉਹਨਾਂ ਦੇ ਹਸਤਾਖ਼ਰ ਕਰਵਾਏ ਗਏ ਤੇ ਇਹ ਬਿਆਨ 26 ਦਸੰਬਰ ਨੂੰ ਡੀ ਜੀ ਪੀ ਗੌਰਵ ਯਾਦਵ ਨੂੰ ਭੇਜਿਆ ਗਿਆ।


ਉਹਨਾਂ ਕਿਹਾ ਕਿ ਅਸੀਂ ਡੀਜੀਪੀ ਨੂੰ ਪੁੱਛਿਆ ਕਿ ਸਰਕਾਰ ਸੰਧੂ ਨੂੰ ਇਕ ਝੂਠੇ ਬਿਆਨ ਰਾਹੀਂ ਕੇਸ ਵਿਚ ਗਵਾਹ ਬਣਾਉਣ ਦਾ ਯਤਨ ਕਿਉਂ ਕਰ ਰਹੀ ਹੈ। ਉਹਨਾਂ ਕਿਹਾ ਕਿ ਇਸ ਕਾਰਵਾਈ ਨਾਲ ਤਾਂ ਐਸ ਆਈ ਟੀ ਨਾਲ ਪਹਿਲਾਂ ਹੀ ਸਮਝੌਤਾ ਹੋ ਗਿਆ ਹੈ।


ਉਹਨਾਂ ਨੇ ਇਹ ਵੀ ਦੱਸਿਆ ਕਿ ਕੇਸ ਵਿਚ ਸਰਕਾਰ ਦਾ ਇਰਾਦਾ ਮਜੀਠੀਆ ਨੂੰ ਡਰਾ ਕੇ ਉਹਨਾਂ ਨੂੰ ਚੁਪ ਕਰਵਾਉਣ ਦਾ ਯਤਨ ਕਰ ਰਹੀ ਹੈ। ਉਹਨਾਂ ਕਿਹਾ ਕਿ ਜਦੋਂ ਮਜੀਠੀਆ ਨੇ ਮੁੱਖ ਮੰਤਰੀ ਦੀ ਧੀ ਦੀ ਹਮਾਇਤ ਕੀਤੀ ਜਿਸਨੇ ਆਪਣੇ ਪਿਤਾ ’ਤੇ ਬੇਰਹਿਮੀ ਵਾਲੀਆਂ ਕਾਰਵਾਈਆਂ ਕਰਨ ਦਾ ਦੋਸ਼ ਲਾਇਆ ਤਾਂ ਐਸਆਈਟੀ ਨੇ ਤੁਰੰਤ ਉਹਨਾਂ ਨੂੰ ਪੁੱਛ ਗਿੱਛ ਲਈ ਸੱਦ ਲਿਆ।


ਉਹਨਾਂ ਕਿਹਾ ਕਿ ਐਸ ਆਈ ਟੀ ਮੁਖੀ ਏਡੀਜੀਪੀ ਐਮ.ਐਸ ਛੀਨਾ ਦੀ ਬਾਂਹ ਮਰੋੜ ’ਤੇ ਆਪ ਸਰਕਾਰ ਉਹਨਾਂ ਨੂੰ ਬਲੈਕਮੇਲ ਕਰ ਰਹੀ ਹੈ ਕਿਉਂਕਿ ਉਹਨਾਂ ਖਿਲਾਫ 2022 ਵਿਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੁਤਾਹੀ ਦੇ ਮਾਮਲੇ ਵਿਚ ਅਨੁਸ਼ਾਸਨੀ ਕਾਰਵਾਈ ਲੰਬਿਤ ਪਈ ਹੈ ਅਤੇ ਉਹਨਾਂ ਨੂੰ ਆਪਣੀ ਸੇਵਾ ਮੁਕਤੀ 31 ਦਸੰਬਰ ਤੋਂ ਪਹਿਲਾਂ ਮਜੀਠੀਆ ਖਿਲਾਫ ਕਾਰਵਾਈ ਲਈ ਮਜਬੂਰ ਕੀਤਾ ਜਾ ਰਿਹਾ ਹੈ।


ਸੰਧੂ ਵੱਲੋਂ ਖੁੱਲ੍ਹ ਕੇ ਸਾਹਮਣੇ ਆਉਣ ਤੇ ਆਮ ਆਦਮੀ ਪਾਰਟੀ ਸਰਕਾਰ ਦੇ ਮਾੜੇ ਮਨਸੂਬੇ ਬੇਨਕਾਬ ਕਰਨ ਦੀ ਸ਼ਲਾਘਾ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਹੁਣ ਇਹ ਸਪਸ਼ਟ ਹੈ ਕਿ ਸਰਕਾਰ ਇਸ ਕੇਸ ਵਿਚ ਕੋਈ ਨਿਰਪੱਖ ਜਾਂਚ ਨਹੀਂ ਕਰਵਾਉਣਾ ਚਾਹੁੰਦੀ।