ਡੇਰਾ ਬਾਬਾ ਨਾਨਕ : ਸ਼੍ਰੋਮਣੀ ਅਕਾਲੀ ਦਲ ਦੇ ਡੇਰਾ ਬਾਬਾ ਨਾਨਕ (Dera Baba Nanak) ਤੋਂ ਉਮੀਦਵਾਰ ਰਵੀਕਰਨ ਕਾਹਲੋਂ ਨੇ ਗੁੱਜਰ ਭਾਈਚਾਰੇ ਖਿਲਾਫ਼ ਇੱਕ ਵਿਵਾਦਤ ਬਿਆਨ ਦਿੱਤਾ ਹੈ, ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਭਖ ਗਈ ਹੈ। ਰਵੀਕਰਨ ਕਾਹਲੋਂ ਦੇ ਇਸ ਬਿਆਨ 'ਤੇ ਵਿਰੋਧੀ ਲਗਾਤਾਰ ਹਮਲਾ ਬੋਲ ਹੀ ਰਹੇ ਹਨ। ਕਾਂਗਰਸ ਪਾਰਟੀ ਨੇ ਵੀ ਇਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਦਰਅਸਲ 'ਚ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਨੇ ਚੋਣ ਪ੍ਰਚਾਰ ਦੌਰਾਨ ਸੰਬੋਧਨ ਕਰਦਿਆਂ ਨੇ ਗੁੱਜਰ ਭਾਈਚਾਰੇ ਖਿਲਾਫ਼ ਵਿਵਾਦਤ ਬਿਆਨ ਦੇ ਕੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਨ੍ਹਾਂ ਬਿਆਨ ਦਿੰਦਿਆਂ ਕਿਹਾ, 'ਆਹ ਜਿਹੜੇ ਗੁੱਜਰ-ਗਾਜਰ ਜਿਹੇ ਆ, ਇਹ ਪਹਾੜਾਂ 'ਤੇ ਚੜ੍ਹਾ ਦੂੰਗਾ ,ਲੱਭਿਆਂ ਨ੍ਹੀਂ ਲੱਭਣਗੇ।
ਰਵੀਕਰਨ ਕਾਹਲੋਂ ਦੇ ਇਸ ਬਿਆਨ ਦੀ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨਿਖੇਧੀ ਕੀਤੀ ਹੈ।ਉਨ੍ਹਾਂ ਵੀਡੀਓ ਟਵੀਟ ਕਰਦਿਆਂ ਸੁਖਬੀਰ ਬਾਦਲ ਨੂੰ ਸਵਾਲ ਕੀਤਾ ਕਿ ਇਹ ਅਕਾਲੀ ਦਲ ਦਾ ਉਮੀਦਵਾਰ ਹੈ ਅਤੇ ਹੁਣ ਇਸ ਬਾਰੇ ਕੀ ਕਹਿਣਗੇ ?। ਉਨ੍ਹਾਂ ਕਿਹਾ ਕਿ ਮੈਂ ਦੁਬਾਰਾ ਕਹਿੰਦਾ ਹਾਂ ਕਿ ਪੰਜਾਬ ਸਾਰੇ ਭਾਈਚਾਰਿਆਂ ਦਾ ਹੈ, ਅਸੀਂ ਇੱਕ ਹਾਂ।
ਰਵੀਕਰਨ ਕਾਹਲੋਂ ਦੇ ਇਸ ਬਿਆਨ 'ਤੇ ਗੁੱਜਰ ਭਾਈਚਾਰੇ ਵਿੱਚ ਵੀ ਵਿਰੋਧ ਦੀ ਲਹਿਰ ਫੈਲ ਗਈ ਅਤੇ ਭਾਈਚਾਰੇ ਦੇ ਲੋਕਾਂ ਵੱਲੋਂ ਹੱਥਾਂ ਵਿੱਚ ਬੈਨਰ ਫੜ ਕੇ ਨਾਹਰੇਬਾਜ਼ੀ ਕੀਤੀ ਗਈ। ਹਾਲਾਂਕਿ ਰਵੀਕਰਨ ਕਾਹਲੋਂ ਨੇ ਆਪਣੇ ਬਿਆਨ ਨੂੰ ਲੈ ਕੇ ਸਫ਼ਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਇਲਾਕੇ ਵਿੱਚ ਇੱਕ ਵਿਅਕਤੀ ਜਿਹੜਾ ਲੋਕਾਂ 'ਤੇ ਅੱਤਿਆਚਾਰ ਕਰ ਰਿਹਾ ਹੈ, ਉਸ ਦਾ ਛੋਟਾ ਨਾਂਅ ਗੁੱਜਰ ਹੈ ਅਤੇ ਉਸ ਲਈ ਇਹ ਸ਼ਬਦ ਵਰਤੇ ਸਨ ਪਰੰਤੂ ਗੁੱਜਰ ਭਾਈਚਾਰੇ ਦਾ ਉਹ ਸਤਿਕਾਰ ਕਰਦੇ ਹਨ।
ਉਨ੍ਹਾਂ ਕਿਹਾ ਫਿਰ ਵੀ ਜੇਕਰ ਕਿਸੇ ਨੂੰ ਠੇਸ ਪੁੱਜੀ ਹੈ ਤਾਂ ਉਹ ਹੱਥ ਜੋੜ ਕੇ ਮੁਆਫ਼ੀ ਮੰਗਦੇ ਹਨ। ਓਧਰ ਸ਼੍ਰੋਮਣੀ ਅਕਾਲੀ ਦਲ ਨੇ ਸਫ਼ਾਈ ਦਿੰਦਿਆਂ ਕਿਹਾ ਹੈ ਕਿ ਰਵੀਕਰਨ ਕਾਹਲੋਂ ਨੇ ਇਹ ਬਿਆਨ ਸਿਰਫ਼ ਗੁੱਜਰ ਭਾਈਚਾਰੇ ਨਾਲ ਸਬੰਧਤ ਇੱਕ ਵਿਅਕਤੀ ਬਾਰੇ ਸ਼ਬਦ ਵਰਤੇ ਗਏ ਹਨ ਪਰ ਗੁੱਜਰ ਭਾਈਚਾਰੇ ਦੇ ਲੋਕਾਂ ਨੇ ਕਿਹਾ ਹੈ ਕਿ ਜਿਵੇਂ ਅਕਾਲੀ ਉਮੀਦਵਾਰ ਨੇ ਜਿਸ ਅੰਦਾਜ਼ ਵਿੱਚ ਬਿਆਨ ਦਿੱਤਾ ਹੈ ਉਹ ਇੱਕ ਲਈ ਨਹੀਂ, ਸਗੋਂ ਸਾਰੇ ਗੁੱਜਰ ਭਾਈਚਾਰੇ ਲਈ ਦਿੱਤਾ ਗਿਆ ਹੈ।