ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਹੁਣ ਆਪਣਾ ਨਵਾਂ ਪ੍ਰਧਾਨ ਚੁਣਨ ਦੀ ਤਿਆਰੀ ਕਰ ਰਹੀ ਹੈ। ਇਸ ਸਬੰਧੀ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ ਚਿੱਠੀ ਭੇਜ ਕੇ 11 ਅਗਸਤ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਮੀਟਿੰਗ ਕਰਨ ਦੀ ਇਜਾਜ਼ਤ ਮੰਗੀ ਹੈ।
ਹਾਲਾਂਕਿ ਕਿਸੇ ਵੀ ਸੰਭਾਵਿਤ ਟਕਰਾਅ ਤੋਂ ਬਚਣ ਲਈ SGPC ਨੇ ਇਹ ਇਜਾਜ਼ਤ ਸੰਬੰਧੀ ਚਿੱਠੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜ ਦਿੱਤੀ ਹੈ। ਇਹ ਕਦਮ ਅਕਾਲੀ ਦਲ ਅਤੇ ਭਰਤੀ ਕਮੇਟੀ ਦਰਮਿਆਨ ਟਕਰਾਅ ਨੂੰ ਟਾਲਣ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ।
ਤਰਨਤਾਰਨ ਵਾਲੀ ਚੋਣਾਂ 'ਤੇ ਪੈ ਸਕਦਾ ਅਸਰ
ਪਰ ਭਰਤੀ ਕਮੇਟੀ ਦੀ ਇਸ ਪਹਿਲ ਨਾਲ ਅਕਾਲੀ ਦਲ ਦੇ ਅੰਦਰ ਇੱਕ ਨਵਾਂ ਵਿਵਾਦ ਖੜਾ ਹੋ ਸਕਦਾ ਹੈ। ਜੇਕਰ ਇਹ ਵਿਵਾਦ ਨਾ ਨਿਪਟਿਆ ਤਾਂ ਇਸਦਾ ਅਸਰ ਤਰਨਤਾਰਨ ਵਿੱਚ ਹੋਣ ਵਾਲੇ ਉਪਚੁਣਾਵਾਂ 'ਤੇ ਵੀ ਪੈ ਸਕਦਾ ਹੈ, ਕਿਉਂਕਿ SGPC ਦੇ ਕਈ ਮੈਂਬਰ ਇਸ ਵੇਲੇ ਭਰਤੀ ਕਮੇਟੀ ਦੇ ਹੱਕ 'ਚ ਨਜ਼ਰ ਆ ਰਹੇ ਹਨ।
ਤੇਜਾ ਸਿੰਘ ਸਮੁੰਦਰੀ ਹਾਲ 'ਚ ਇਜਲਾਸ ਬੁਲਾਉਣਾ ਚਾਹੁੰਦੇ ਨੇ
ਅਕਾਲੀ ਦਲ ਭਰਤੀ ਕਮੇਟੀ ਦੇ ਪੰਜੋਂ ਮੈਂਬਰ — ਮਨਪ੍ਰੀਤ ਸਿੰਘ ਅਯਾਲੀ, ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੈਦਪੁਰ, ਇਕਬਾਲ ਸਿੰਘ ਝੂੰਡਾ ਅਤੇ ਬੀਬੀ ਸਤਵੰਤ ਕੌਰ — ਵੱਲੋਂ ਭੇਜੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਉਪਰੰਤ ਭਰਤੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। 11 ਅਗਸਤ ਨੂੰ ਨਵੇਂ ਪ੍ਰਧਾਨ ਦੀ ਚੋਣ ਲਈ ਜਨਰਲ ਇਜਲਾਸ ਬੁਲਾਇਆ ਜਾ ਰਿਹਾ ਹੈ। ਕਮੇਟੀ ਚਾਹੁੰਦੀ ਹੈ ਕਿ ਇਹ ਇਜਲਾਸ SGPC ਦਫ਼ਤਰ, ਤੇਜਾ ਸਿੰਘ ਸਮੁੰਦਰੀ ਹਾਲ ਵਿਚ ਕਰਵਾਇਆ ਜਾਵੇ।
ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜਿਆ ਗਿਆ ਖ਼ਤ
SGPC ਦੇ ਮੈਂਬਰ ਕੁਲਵੰਤ ਸਿੰਘ ਮੰਨਣ ਨੇ ਜਾਣਕਾਰੀ ਦਿੱਤੀ ਕਿ ਭਰਤੀ ਕਮੇਟੀ ਵੱਲੋਂ ਖ਼ਤ ਭੇਜਿਆ ਗਿਆ ਹੈ। ਇਸ ਉੱਤੇ ਵਿਚਾਰ ਕਰਨ ਲਈ ਇਹ ਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜ ਦਿੱਤਾ ਗਿਆ ਹੈ। ਜਿਹੋ ਜਿਹਾ ਹੁਕਮ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਵੇਗਾ, ਉਸ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ।
2 ਦਸੰਬਰ ਦੇ ਹੁਕਮ ਤੋਂ ਬਾਅਦ ਸ਼ੁਰੂ ਹੋਇਆ ਸੀ ਵਿਵਾਦ
2 ਦਸੰਬਰ ਨੂੰ ਜਾਰੀ ਕੀਤੇ ਇੱਕ ਮੁੱਖ ਹੁਕਮ ਦੇ ਤਹਿਤ ਤਖ਼ਤਾਂ ਦੇ ਸਿੰਘ ਸਾਹਿਬਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪੁਨਰਗਠਨ ਲਈ 7 ਮੈਂਬਰੀ ਸ਼੍ਰੋਮਣੀ ਅਕਾਲੀ ਦਲ ਭਰਤੀ ਕਮੇਟੀ (ਹੁਣ 5 ਮੈਂਬਰੀ) ਦਾ ਗਠਨ ਕੀਤਾ ਸੀ। SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਹੁਣ ਇਸ ਕਮੇਟੀ ਵਿੱਚ ਕੇਵਲ ਪੰਜ ਮੈਂਬਰ ਹੀ ਬਚੇ ਹਨ।
ਮਾਰਚ ਮਹੀਨੇ ਵਿੱਚ ਇਸ ਕਮੇਟੀ ਨੇ ਭਰਤੀ ਮੁਹਿੰਮ ਸ਼ੁਰੂ ਕੀਤੀ ਸੀ। ਇਸ ਦੇ ਪਹਿਲੇ ਮੈਂਬਰ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸਨ। ਹੁਣ ਭਰਤੀ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਸਮਾਨਾਂਤਰ ਪ੍ਰਧਾਨ ਦੀ ਚੋਣ ਲਈ 11 ਅਗਸਤ ਨੂੰ ਮੀਟਿੰਗ ਬੁਲਾਈ ਹੈ। ਉਕਤ ਮੀਟਿੰਗ SGPC ਦੇ ਮੁੱਖ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਬੁਲਾਉਣ ਲਈ ਭਰਤੀ ਕਮੇਟੀ ਕੋਸ਼ਿਸ਼ਾਂ ਵਿੱਚ ਜੁਟੀ ਹੋਈ ਹੈ।