ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਧਾਨ ਸਭ ਦੇ ਸਪੀਕਰ ਕੋਲ ਪੰਜਾਬ ਦੇ ਬਜਟ ਸੈਸ਼ਨ ਨੂੰ ਘੱਟ ਤੋਂ ਘੱਟ ਤਿੰਨ ਹਫਤਿਆਂ ਦਾ ਕਰਨ ਦੀ ਮੰਗ ਰੱਖੀ ਹੈ। ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਸਮੇਤ ਅਕਾਲੀ ਦਲ ਦੇ ਵਫ਼ਦ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਇਸ ਸਬੰਧੀ ਮੰਗ ਪੱਤਰ ਸੌਪਿਆ।
ਇਸ ਮੌਕੇ ਮਜੀਠੀਆ ਨੇ ਕੈਪਟਨ ਸਰਕਾਰ ’ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਪੰਜਾਬ ਦਾ ਸਾਲਾਨਾ ਬਜਟ ਕਦੇ ਵੀ ਇੰਨੇ ਘੱਟ ਦਿਨਾਂ ਦਾ ਨਹੀਂ ਰੱਖਿਆ ਗਿਆ। ਸਰਕਾਰ ਨੂੰ ਸਾਲ ਦੇ ਬਜਟ ’ਤੇ ਗੰਭੀਰ ਹੋਣਾ ਚਾਹੀਦਾ ਹੈ ਤਾਂ ਕਿ ਬਜਟ ਦੌਰਾਨ ਸਾਰੇ ਮੁੱਦਿਆਂ ਤੇ ਖੁੱਲ੍ਹ ਕੇ ਬਹਿਸ ਹੋ ਸਕੇ।
ਬੀਤੇ ਦਿਨ ਪਟਿਆਲਾ ਵਿੱਚ ਮੋਤੀ ਮਹਿਲ ਵੱਲ ਕੂਚ ਕਰ ਰਹੇ ਅਧਿਆਪਕਾਂ 'ਤੇ ਹੋਏ ਲਾਠੀਚਾਰਜ ਸਬੰਧੀ ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿੱਚ ਅਧਿਆਪਕਾਂ ਨੂੰ ਗੁਰੂਆਂ ਵਾਂਗ ਰੱਖਿਆ ਗਿਆ ਸੀ। ਹੁਣ ਕੈਪਟਨ ਸਰਕਾਰ ਅਧਿਆਪਕਾਂ ਨਾਲ ਨਾਜਾਇਜ਼ ਧੱਕੇਸ਼ਾਹੀ ਕਰ ਰਹੀ ਹੈ। ਮਜੀਠੀਆ ਨੇ ਕਿਹਾ ਅਧਿਆਪਕਾਂ ਨੇ ਜੇਕਰ ਮੁੱਖ ਮੰਤਰੀ ਦੇ ਸ਼ਹਿਰ ਵਿੱਚ ਧਰਨਾ ਲਾਇਆ ਸੀ ਤਾਂ ਮੁੱਖ ਮੰਤਰੀ ਨੂੰ ਨੇੜੇ ਹੋ ਕੇ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਸੀ ਨਾ ਕਿ ਲਾਠੀਆਂ ਵਰ੍ਹਾਉਣੀਆਂ ਚਾਹੀਦੀਆਂ ਸੀ।
ਇਸ ਦੇ ਨਾਲ ਹੀ ਮਜੀਠੀਆ ਨੇ ਲੁਧਿਆਣਾ ਵਿੱਚ ਵਾਪਰੀ ਗੈਂਗਰੇਪ ਦੀ ਘਟਨਾ ਬਾਰੇ ਵੀ ਕੈਪਟਨ ਸਰਕਾਰ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਸਰਕਾਰ ’ਤੇ ਇਲਜ਼ਾਮ ਲਾਇਆ ਕਿ ਪੰਜਾਬ ਵਿੱਚ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਬਰਕਰਾਰ ਨਾ ਰੱਖਣ ਲਈ ਕਾਂਗਰਸ ਸਰਕਾਰ ਜ਼ਿੰਮੇਵਾਰ ਹੈ।