ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪਣਾ ਤੇ ਪਾਰਟੀ ਦਾ ਅਕਸ ਸੁਧਾਰਨ ਲਈ ਡਿਜ਼ੀਟਲ ਟੀਮ ਮੈਦਾਨ ਵਿੱਚ ਉਤਾਰੀ ਹੈ। ਇਸ ਟੀਮ ਵਿੱਚ ਭਾੜੇ ਦੇ ਪੇਸ਼ੇਵਾਰਾਂ ਤੋਂ ਇਲਾਵਾ ਪਾਰਟੀ ਦੇ ਆਪਣੇ ਵਰਕਰ ਵੀ ਸ਼ਾਮਲ ਹਨ। ਇਹ ਟੀਮ ਸੋਸ਼ਲ ਮੀਡੀਆ ਉੱਪਰ ਸਰਗਰਮ ਹੈ।
ਡਿਜ਼ੀਟਲ ਟੀਮ ਫੇਸਬੁੱਕ, ਟਵਿੱਟਰ, ਇੰਸਟਾਗ੍ਰਰਾਮ, ਯੂ ਟਿਊਬ ਤੇ ਹੋਰ ਪਲੇਟਫਾਰਮਾਂ ’ਤੇ ਵਿਰੋਧੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਖ਼ਿਲਾਫ਼ ਧੂੰਆਂਧਾਰ ਪ੍ਰਚਾਰ ਕਰ ਰਹੀ ਹੈ। ਇਸ ਤੋਂ ਇਲਾਵਾ ਅਕਾਲੀ ਦਲ ਦੇ ਬਾਦਲ ਪਰਿਵਾਰ ਖਿਲਾਫ ਪੋਸਟਾਂ ਦਾ ਵੀ ਠੋਕਵਾਂ ਜਵਾਬ ਦੇ ਰਹੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਅਕਾਲੀ ਦਲ ਦੇ ਆਈਟੀ ਵਿੰਗ ਦਾ ਮੁਹਾਲੀ ਵਿੱਚ ਬਾਕਾਇਦਾ ਖ਼ੁਫੀਆ ਦਫ਼ਤਰ ਕਾਇਮ ਕੀਤਾ ਗਿਆ ਹੈ। ਚਰਚਾ ਹੈ ਸੋਸ਼ਲ ਮੀਡੀਆ ’ਤੇ ਮੁਹਿੰਮ ਭਖਾਉਣ ਲਈ ਇਸ ਵਾਰ ਪਾਰਟੀ ਵਰਕਰਾਂ ਦੀਆਂ ਵੀ ਸੇਵਾਵਾਂ ਲਈਆਂ ਗਈਆਂ ਹਨ। ਹਰ ਜ਼ਿਲ੍ਹਾ ਪੱਧਰ ’ਤੇ ਸੋਸ਼ਲ ਮੀਡੀਆ ਨਾਲ ਜੁੜੇ ਵਰਕਰਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾ ਰਿਹਾ ਹੈ।
ਸੂਤਰਾਂ ਮੁਤਾਬਕ ਅਕਾਲੀ ਦਲ ਦੇ ਆਈਟੀ ਵਿੰਗ ਵੱਲੋਂ ਫੇਸਬੁੱਕ ’ਤੇ ਵਿਸ਼ੇਸ਼ ਪੇਜ ਤੇ ਗਰੁੱਪ ਬਣਾਏ ਗਏ ਹਨ। ਫੇਸਬੁੱਕ ’ਤੇ ਪ੍ਰਚਾਰ ਦੌਰਾਨ ਦੇਖਿਆ ਗਿਆ ਹੈ ਕਿ ਅਕਾਲੀ ਦਲ ਪੱਖੀ ਵਿਅਕਤੀਆਂ ਵੱਲੋਂ ਕਾਂਗਰਸ ਸਰਕਾਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ’ਤੇ ਖਾਸ ਨਿਸ਼ਾਨਾ ਸੇਧਿਆ ਜਾਂਦਾ ਹੈ।