ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰ ਫਾਈਨਲ ਕਰ ਲਏ ਹਨ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਅੰਦਰ ਖਾਤੇ ਉਮੀਦਵਾਰਾਂ ਦੇ ਕੰਨ 'ਚ ਫੂਕ ਵੀ ਮਾਰ ਦਿੱਤੀ ਹੈ ਕਿ ਮੈਦਾਨ ਵਿੱਚ ਡਟ ਜਾਓ। ਸੂਤਰਾਂ ਮੁਤਾਬਕ ਫਰੀਦਕੋਟ ਤੇ ਲੁਧਿਆਣਾ ਹਲਕਿਆਂ ਨੂੰ ਛੱਡ ਕੇ ਬਾਕੀ ਅੱਠ ਸੀਟਾਂ 'ਤੇ ਅਕਾਲੀ ਦਲ ਨੇ ਉਮੀਦਵਾਰ ਫਾਈਨਲ ਕਰ ਲਏ ਹਨ। ਉਂਝ ਅਕਾਲੀ ਦਲ ਇਹ ਐਲਾਨ ਕਰਨ ਤੋਂ ਪਹਿਲਾਂ ਕਾਂਗਰਸ ਦੇ ਪੱਤੇ ਖੁੱਲ੍ਹਣ ਦੀ ਉਡੀਕ ਕਰ ਰਿਹਾ ਹੈ। ਪਾਰਟੀ ਨੇ ਕਾਂਗਰਸ ਦੀ ਰਣਨੀਤੀ ਮੁਤਾਬਕ ਉਮੀਦਵਾਰਾਂ ਦੀ ਤਬਦੀਲੀ ਦਾ ਰਾਹ ਖੁੱਲ੍ਹਾ ਰੱਖਿਆ ਹੈ।

ਕਾਬਲੇਗੌਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਦਾ ਖਡੂਰ ਸਾਹਿਬ ਹਲਕੇ ਤੇ ਚਰਨਜੀਤ ਸਿੰਘ ਅਟਵਾਲ ਦਾ ਜਲੰਧਰ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਆਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂਮਾਜਰਾ ਤੇ ਪਟਿਆਲਾ ਤੋਂ ਸੁਰਜੀਤ ਸਿੰਘ ਰੱਖੜਾ ਚੋਣ ਮੈਦਾਨ ਵਿੱਚ ਡਟ ਰਹੇ ਹਨ। ਇਸੇ ਤਰ੍ਹਾਂ ਫਤਹਿਗੜ੍ਹ ਸਾਹਿਬ ਤੋਂ ਦਰਬਾਰਾ ਸਿੰਘ ਗੁਰੂ ਤੇ ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ 'ਤੇ ਦਾਅ ਖੇਡਿਆ ਜਾ ਰਿਹਾ ਹੈ। ਇਸ ਵਾਰ ਬਾਦਲ ਪਰਿਵਾਰ ਦੋ ਸੀਟਾਂ 'ਤੇ ਮੈਦਾਨ ਵਿੱਚ ਉੱਤਰ ਰਿਹਾ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਫਿਰੋਜ਼ਪੁਰ ਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਬਾਦਲ ਆਪਣੇ ਮੌਜੂਦਾ ਹਲਕੇ ਬਠਿੰਡਾ ਤੋਂ ਚੋਣ ਲੜਨਗੇ।

ਸੂਤਰਾਂ ਮੁਤਾਬਕ ਅਕਾਲੀ ਦਲ ਨੂੰ ਫਰੀਦਕੋਟ ਤੇ ਲੁਧਿਆਣਾ ਤੋਂ ਉਮੀਦਵਾਰ ਦਾ ਫੈਸਲਾ ਲੈਣ ਵਿੱਚ ਦਿੱਕਤ ਆ ਰਹੀ ਹੈ। ਚਰਚਾ ਹੈ ਕਿ ਫ਼ਰੀਦਕੋਟ ਤੋਂ ਜਸਟਿਸ (ਸੇਵਾ ਮੁਕਤ) ਨਿਰਮਲ ਸਿੰਘ ਤੇ ਜੋਗਿੰਦਰ ਸਿੰਘ ਪੰਜਗਰਾਈਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਲੁਧਿਆਣਾ ਤੋਂ ਮਹੇਸ਼ਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ ਤੇ ਰਣਜੀਤ ਸਿੰਘ ਢਿੱਲੋਂ ਦੇ ਨਾਮ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਯਾਦ ਰਹੇ ਅਕਾਲੀ ਦਲ ਵੱਲੋਂ ਬੀਜੇਪੀ ਨਾਲ ਗੱਠਜੋੜ ਤਹਿਤ 10 ਹਲਕਿਆਂ ਤੋਂ ਆਪਣੇ ਉਮੀਦਵਾਰ ਖੜ੍ਹੇ ਕੀਤੇ ਜਾਣੇ ਹਨ। ਤਿੰਨ ਸੀਟਾਂ ਭਾਈਵਾਲ ਬੀਜੇਪੀ ਕੋਲ ਹਨ।