ਚੰਡੀਗੜ੍ਹ: ਬੇਅਦਬੀ ਤੇ ਗੋਲੀ ਕਾਂਡ ਵਿੱਚ ਸ਼੍ਰੋਮਣੀ ਅਕਾਲੀ ਦਲ ਹੋਰ ਕਸੂਤਾ ਘਿਰ ਗਿਆ ਹੈ। ਬੇਅਦਬੀ ਤੇ ਬਹਿਬਲ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਦੇ ਮੈਂਬਰ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਬਦਲੀ ਤੋਂ ਬਾਅਦ ਬਾਦਲਾਂ ਨੂੰ ਘੇਰਨ ਲਈ ਕਾਂਗਰਸ, ਆਮ ਆਦਮੀ ਪਾਰਟੀ (ਆਪ) ਤੇ ‘ਆਪ’ ਦਾ ਬਾਗੀ ਧੜਾ ਇਕਜੁੱਟ ਹੋ ਗਏ ਹਨ।


ਇਸ ਰਣਨੀਤੀ ਤਹਿਤ ਇਹ ਸਾਰੀਆਂ ਧਿਰਾਂ ਆਪਸੀ ਸਾਰੇ ਮੱਤਭੇਦ ਭੁਲਾ ਕੇ 16 ਅਪਰੈਲ ਨੂੰ ਦਿੱਲੀ ਵਿੱਚ ਮੁੱਖ ਚੋਣ ਕਮਿਸ਼ਨਰ ਨੂੰ ਮਿਲ ਕੇ ਕੁੰਵਰ ਦੀ ਬਦਲੀ ਰੱਦ ਕਰਨ ਦੀ ਮੰਗ ਕਰਨਗੀਆਂ। ਇਸ ਵਫ਼ਦ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੀ ਸ਼ਾਮਲ ਹੋ ਰਹੇ ਹਨ। ਮੁੱਖ ਵਿਰੋਧੀ ਪਾਰਟੀ ‘ਆਪ’ ਵੀ ਇਸ ਵਫ਼ਦ ਦਾ ਹਿੱਸਾ ਬਣੇਗੀ। ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਵੀ ਸ਼ਾਮਲ ਹੋ ਰਹੇ ਹਨ।

ਇਸ ਤੋਂ ਇਲਾਵਾ ‘ਆਪ’ ਦੇ ਬਾਗੀ ਧਿਰ ਦੇ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵੀ ਵਫ਼ਦ ਵਿੱਚ ਸ਼ਾਮਲ ਹੋ ਰਹੇ ਹਨ। ਸੂਤਰਾਂ ਅਨੁਸਾਰ ‘ਆਪ’ ਤੋਂ ਅਸਤੀਫਾ ਦੇ ਚੁੱਕੇ ਦਾਖਾ ਦੇ ਵਿਧਾਇਕ ਐਚਐਸ ਫੂਲਕਾ ਪਿਛਲੇ ਸਮੇਂ ਤੋਂ ਬਾਦਲਾਂ ਵਿਰੋਧੀ ਸਾਰੀਆਂ ਧਿਰਾਂ ਨੂੰ ਅਕਾਲੀ ਦਲ ਦੀ ਸ਼ਿਕਾਇਤ ’ਤੇ ਚੋਣ ਕਮਿਸ਼ਨ ਵੱਲੋਂ ਆਈਜੀ ਕੁੰਵਰ ਦੀ ਕੀਤੀ ਬਦਲੀ ਵਿਰੁੱਧ ਇਕੱਠੇ ਕਰਨ ਦੇ ਯਤਨਾਂ ਵਿੱਚ ਸਨ।

ਫੂਲਕਾ ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਕੋਲੋਂ ਇਸ ਮੁੱਦੇ ਉਪਰ 16 ਅਪਰੈਲ ਨੂੰ ਸਵੇਰੇ 11.30 ਵਜੇ ਦਾ ਸਮਾਂ ਲਿਆ ਹੈ। ਫੂਲਕਾ ਵੱਲੋਂ ਮੁੱਖ ਚੋਣ ਕਮਿਸ਼ਨਰ ਨੂੰ ਇਸ ਬਾਰੇ ਲਿਖੇ ਪੱਤਰ ਵਿਚ ਕਿਹਾ ਹੈ ਕਿ ਚੋਣ ਕਮਿਸ਼ਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ’ਤੇ ਆਈਜੀ ਕੁੰਵਰ ਦੀ ਬਦਲੀ ਸਾਰੇ ਪੱਖਾਂ ਨੂੰ ਘੋਖੇ ਬਿਨਾਂ ਕੀਤੀ ਜਾਪਦੀ ਹੈ।

ਉਨ੍ਹਾਂ ਚੋਣ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਕਿ ਐਸਆਈਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਗੋਲੀ ਕਾਂਡ ਦੌਰਾਨ ਸ਼ਹੀਦ ਹੋਏ ਦੋ ਸਿੱਖ ਨੌਜਵਾਨਾਂ ਦੇ ਮਾਮਲੇ ਦੀ ਪੜਤਾਲ ਕਰ ਰਹੀ ਹੈ। ਉਨ੍ਹਾਂ ਪੱਤਰ ਰਾਹੀਂ ਕਿਹਾ ਕਿ ਹੁਣ ਚੋਣ ਕਮਿਸ਼ਨ ਵੱਲੋਂ ਆਈਜੀ ਦੀ ਬਦਲੀ ਕਰਨ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਇਸ ਨੂੰ ਆਪਣੀ ਪਾਰਟੀ ਦੀ ਜਿੱਤ ਵਜੋਂ ਪੇਸ਼ ਕਰ ਰਹੇ ਹਨ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਅਕਾਲੀ ਦਲ ਟਕਸਾਲੀ ਨਾਲ ਵੀ ਸੰਪਰਕ ਕੀਤਾ ਸੀ ਪਰ ਕਮਿਸ਼ਨ ਨੇ ਕੇਵਲ 5 ਮੈਂਬਰੀ ਵਫਦ ਨੂੰ ਹੀ ਮਿਲਣ ਦੀ ਆਗਿਆ ਦਿੱਤੀ ਹੈ, ਜਿਸ ਕਾਰਨ 16 ਅਪਰੈਲ ਨੂੰ 5 ਮੈਂਬਰੀ ਵਫਦ ਹੀ ਕਮਿਸ਼ਨ ਨੂੰ ਮਿਲੇਗਾ।