ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਹਰਿਆਣਾ ਵਿੱਚ ਗੱਠਜੋੜ ਨਾ ਹੋਣ ਕਰਕੇ ਬੀਜੇਪੀ ਤੋਂ ਬੇਹੱਦ ਔਖਾ ਹੈ। ਸੁਖਬੀਰ ਬਾਦਲ ਨੇ ਕਿਹਾ ਹੈ ਕਿ ਬੀਜੇਪੀ ਦੇ ਧੋਖੇ ਦਾ ਕੁਝ ਸਮਾਂ ਪਹਿਲਾਂ ਹੀ ਪਤਾ ਲੱਗਾ ਨਹੀਂ ਤਾਂ ਉਨ੍ਹਾਂ ਨੂੰ ਠੋਕਵਾਂ ਜਵਾਬ ਦਿੰਦੇ। ਅਕਾਲੀ ਦਲ ਨੇ ਇਨੈਲੋ ਨਾਲ ਰਲ ਕੇ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ ਤੇ ਨਾਲ ਹੀ ਦਾਅਵਾ ਕੀਤਾ ਹੈ ਕਿ ਹਰਿਆਣਾ ਦੀ ਕੁੜਿੱਤਣ ਦਾ ਅਸਰ ਪੰਜਾਬ ਦੀ ਸਿਆਸਤ 'ਤੇ ਨਹੀਂ ਪਏਗਾ।

ਦਰਅਸਲ ਹਰਿਆਣਾ ‘ਚ ਵਿਧਾਨ ਸਭਾ ਚੋਣਾਂ 2019 ਦਾ ਬਿਗਲ ਵੱਜ ਚੁੱਕਿਆ ਹੈ। ਇਸ ‘ਚ ਸ਼੍ਰੋਮਣੀ ਅਕਾਲੀ ਦਲ, ਬੀਜੇਪੀ ਨਾਲ ਰਲ ਕੇ ਚੋਣਾਂ ਲੜਨਾ ਚਾਹੁੰਦਾ ਸੀ ਪਰ ਅਜਿਹਾ ਹੋ ਨਹੀਂ ਸਕਿਆ। ਇਸ ਵਾਰ ਬੀਜੇਪੀ ਨੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਕਰਾਰਾ ਝਟਕਾ ਦਿੱਤਾ ਹੈ। ਇਸ ਬਾਰੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਆਪਣੀ ਭੜਾਸ ਕੱਢ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਹਰਿਆਣਾ ‘ਚ ਬੀਜੇਪੀ ਨੇ ਸਾਡੇ ਨਾਲ ਜੋ ਕੀਤਾ, ਉਸ ਬਾਰੇ ਉਨ੍ਹਾਂ ਨੂੰ ਕੁਝ ਘੰਟੇ ਪਹਿਲਾਂ ਹੀ ਪਤਾ ਲੱਗਿਆ। ਉਨ੍ਹਾਂ ਕਿਹਾ ਕਿ ਸਾਨੂੰ ਇਸ ਤੋਂ ਪਹਿਲਾਂ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਛੋਟਾ ਭਰਾ ਵੱਡੇ ਨਾਲ ਇੰਝ ਧੋਖਾ ਕਰ ਸਕਦਾ ਹੈ। ਬਾਦਲ ਨੇ ਅੱਗੇ ਕਿਹਾ ਕਿ ਪੰਜਾਬ ‘ਚ ਅਕਾਲੀ-ਬੀਜੇਪੀ ਦਾ ਸਾਲਾਂ ਪੁਰਾਣਾ ਗਠਜੋੜ ਹੈ ਜੋ ਹਮੇਸ਼ਾ ਰਹੇਗਾ।

ਇਸ ਦੇ ਨਾਲ ਹੀ ੳਨ੍ਹਾਂ ਨੇ ਹਰਿਆਣਾ ਚੋਣਾਂ ਲਈ ਬੁੱਧਵਾਰ ਨੂੰ ਇਨੈਲੋ ਨਾਲ ਗਠਜੋੜ ਕਰ ਲਿਆ ਹੈ। ਇਸ ਗਠਜੋੜ ਦੇ ਐਲਾਨ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਹਰਿਆਣਾ ‘ਚ ਬੀਜੇਪੀ ਕੁਝ ਅਜਿਹਾ ਕਰ ਸਕਦੀ ਹੈ। ਇਸ ਤੋਂ ਬਾਅਦ ਉਹ ਹਰ ਕਦਮ ਸੰਭਲ ਕੇ ਰੱਖਣਗੇ।

ਇਸ ਦੇ ਨਾਲ ਉਨ੍ਹਾਂ ਕਿਹਾ ਕਿ ਪੰਜਾਬ ‘ਚ ਬੀਜੇਪੀ ਨਾਲ ਚੰਗੇ ਸਬੰਧ ਹਨ। ਸਾਲਾਂ ਤੋਂ ਤਾਲਮੇਲ ਕਮੇਟੀਆਂ ਇਕੱਠੀਆਂ ਕੰਮ ਕਰ ਰਹੀਆਂ ਹਨ। ਪੰਜਾਬ ‘ਚ ਅਣਬਣ ਦੀ ਕੋਈ ਗੱਲ ਨਹੀਂ ਹੈ। ਫਿਲਹਾਲ ਅਕਾਲੀ ਦਲ ਕੋਈ ਕਾਰਵਾਈ ਨਹੀਂ ਕਰੇਗਾ। ਸਗੋਂ ਇਸ ਮਾਮਲੇ ਨੂੰ ਜ਼ੋਰ-ਸ਼ੋਰ ਨਾਲ ਹਾਈਕਮਾਨ ਸਾਹਮਣੇ ਚੁੱਕਿਆ ਜਾਵੇਗਾ।