ਗਗਨਦੀਪ ਸ਼ਰਮਾ, ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ 'ਚ ਅੰਦਰਖਾਤੇ ਵੱਡੀ ਖਿਚੜੀ ਪੱਕ ਰਹੀ ਹੈ ਤੇ ਰੋਜ਼ਾਨਾ ਅਜਿਹੀਆਂ ਮੀਟਿੰਗਾਂ ਹੋ ਰਹੀਆਂ, ਜੋ ਪਾਰਟੀ ਪ੍ਰਧਾਨ ਨੂੰ ਭਰੋਸੇ 'ਚ ਲਏ ਤੋਂ ਬਗੈਰ ਸੀਨੀਅਰ ਆਗੂਆਂ ਵੱਲੋਂ ਕੀਤੀਆਂ ਜਾ ਰਹੀਆਂ। ਅਜਿਹੀ ਹੀ ਮੀਟਿੰਗ ਅੱਜ ਅੰਮ੍ਰਿਤਸਰ 'ਚ ਮਰਹੂਮ ਅਕਾਲੀ ਨੇਤਾ ਨਿਰਮਲ ਸਿੰਘ ਕਾਹਲੋਂ ਦੇ ਸਪੁੱਤਰ ਰਵੀਕਰਣ ਸਿੰਘ ਕਾਹਲੋਂ ਦੀ ਰਿਹਾਇਸ਼ 'ਤੇ ਹੋਈ, ਜਿਸ 'ਚ ਹਾਲ ਹੀ 'ਚ ਰਾਸ਼ਟਰਪਤੀ ਦੀਆਂ ਚੋਣਾਂ 'ਚ ਪਾਰਟੀ ਨੂੰ ਬਾਗੀ ਤੇਵਰ ਦਿਖਾਉਣ ਵਾਲੇ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਸਮੇਤ ਪ੍ਰੇਮ ਸਿੰਘ ਚੰਦੂਮਾਜਰਾ, ਜਗਮੀਤ ਸਿੰਘ ਬਰਾੜ, ਚਰਨਜੀਤ ਸਿੰਘ ਅਟਵਾਲ, ਬੀਬੀ ਜਗੀਰ ਕੌਰ, ਗੁਰਪ੍ਰਤਾਪ ਸਿੰਘ ਵਡਾਲਾ ਸਮੇਤ ਸੀਨੀਅਰ ਆਗੂ ਮੌਜੂਦ ਰਹੇ। 

 

ਹਾਲਾਂਕਿ ਮੀਟਿੰਗ ਤੋੰ ਬਾਹਰ ਆ ਕੇ ਭਾਵੇਂ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਅਸੀਂ ਪਾਰਟੀ ਮਜਬੂਤੀ ਲਈ ਮੀਟਿੰਗਾਂ ਕਰ ਰਹੇ ਹਾਂ ਤੇ ਭਵਿੱਖ 'ਚ ਵੀ ਹੋਣਗੀਆਂ ਤੇ ਛੇਤੀ ਹੀ ਪਾਰਟੀ ਪ੍ਰਧਾਨ ਨੂੰ ਮਿਲਣ ਦਾ ਸਮਾਂ ਮੰਗਿਆ ਹੈ ਤੇ ਜੋ ਵਰਕਰਾਂ ਦੀਆਂ ਭਾਵਨਾਵਂ ਹੋਣਗੀਆਂ ,ਉਹ ਪਾਰਟੀ ਪ੍ਰਧਾਨ ਨੂੰ ਦੱਸੀਆਂ ਜਾਣਗੀਆਂ ਕਿਉਂਕਿ ਪੰਜਾਬ ਦੀ ਭਲਾਈ ਲਈ ਅਕਾਲੀ ਦਲ ਦਾ ਮਜਬੂਤ ਹੋਣਾ ਬਹੁਤ ਜਰੂਰੀ ਹੈ। 

 

ਅੱਜ ਦੀ ਮੀਟਿੰਗ ਅਜਿਹੇ ਸਮੇਂ 'ਚ ਹੋਈ ਜਦੋਂ ਸੁਖਬੀਰ ਸਿੰਘ ਬਾਦਲ ਵੀ ਅੰਮ੍ਰਿਤਸਰ 'ਚ ਇਕ ਧਾਰਮਿਕ ਸਮਾਗਮ 'ਚ ਸ਼ਿਰਕਤ ਕਰਨ ਆਏ ਸਨ ਤੇ ਇਨਾਂ ਆਗੂਆਂ ਨੇ ਭਿਣਕ ਲੱਗੇ ਬਗੈਰ ਅੱਜ ਮੀਟਿੰਗ ਕੀਤੀ। ਹਾਲਾਂਕਿ ਸੁਖਬੀਰ ਬਾਦਲ ਏਨਾ ਮੀਟਿੰਗਾਂ ਬਾਰੇ ਕੁਝ ਨਹੀਂ ਬੋਲੇ ਪਰ ਏਨਾ ਜਰੂਰ ਹੈ ਕਿ ਪਾਰਟੀ 'ਚ ਸਭ ਅੱਛਾ ਨਹੀਂ ਦਿੱਖ ਰਿਹਾ ਤੇ ਅਕਾਲੀ ਦਲ ਦੇ ਏਨਾ ਆਗੂਆਂ ਦਰਮਿਆਨ ਵੱਡੀ ਖਿਚੜੀ ਜਰੂਰ ਪੱਕ ਰਹੀ ਹੈ ਤੇ ਅਗਲੇ ਦਿਨਾਂ 'ਚ ਅਕਾਲੀ ਦਲ 'ਚ ਵੱਡੇ ਸਿਆਸੀ ਬੱਦਲ ਪੈਦਾ  ਹੋਣ ਦੀ ਸੰਭਾਵਨਾਵਾਂ ਨਜ਼ਰ ਆ ਰਹੀਆਂ ਹਨ।

 

ਦੱਸ ਦੇਈਏ ਕਿ ਇਸ ਤੋਂ ਕਈ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ। ਇਸ ਮੀਟਿੰਗ ਦੌਰਾਨ ਝੂੰਦਾ ਕਮੇਟੀ ਦੀ 16 ਮੈਂਬਰੀ ਕਮੇਟੀ ਦੀ ਰਿਪੋਰਟ ਉਤੇ ਸਮੀਖਿਆ ਕੀਤੀ ਗਈ। ਇਸ ਤੋਂ ਬਾਅਦ ਕਾਨਫਰੰਸ ਦੌਰਾਨ ਬਲਵਿੰਦਰ ਸਿੰਘ ਭੂੰਦੜ ਨੇ ਝੂੰਦਾ ਕਮੇਟੀ ਦੇ ਮੈਂਬਰਾਂ ਵੱਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਕੋਰ ਕਮੇਟੀ ਨੇ ਝੂੰਦਾਂ ਕਮੇਟੀ ਦੀਆਂ ਸਿਫਾਰਿਸ਼ ਮੰਨੀਆਂ ਹਨ। ਪਾਰਟੀ ਨੂੰ ਅੱਗੇ ਲਿਜਾਉਣ ਲਈ ਚੰਗੇ ਸੁਝਾਅ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਰਿਪੋਰਟ ਦੀਆਂ ਸਿਫਾਰਸ਼ਾਂ ਉਤੇ ਫੈਸਲਾ ਲੈਣ ਦਾ ਅਧਿਕਾਰ ਪਾਰਟੀ ਪ੍ਰਧਾਨ ਨੂੰ ਦਿੱਤਾ ਗਿਆ ਹੈ।