ਚੰਡੀਗੜ੍ਹ: ਅਕਾਲੀ ਦਲ ਨੇ ਕਿਹਾ ਹੈ ਕਿ ਦਲਿਤ ਵਿਦਿਆਰਥੀਆਂ ਦੇ ਕਰੋੜਾਂ ਰੁਪਏ ਦੇ ਵਜ਼ੀਫਾ ਘੁਟਾਲੇ ਦੀ ਸਜ਼ਾ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਉੱਚ ਅਧਿਕਾਰੀਆਂ ਨੂੰ ਮਿਲਣ ਦੀ ਬਜਾਏ ਦਲਿਤ ਵਿਦਿਆਰਥੀਆਂ ਨੂੰ ਮਿਲ ਰਹੀ ਹੈ। ਇਸ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਚਿੱਠੀ ਭੇਜ ਕੇ ਸੂਚਿਤ ਕੀਤਾ ਗਿਆ ਹੈ ਕਿ ਜਦੋਂ ਤਕ ਉਹ ਫੀਸਾਂ ਦੀ ਬਕਾਇਆ ਰਾਸ਼ੀ ਨਹੀਂ ਜਮਾਂ ਕਰਵਾਉਂਦੇ, ਉਦੋਂ ਤਕ ਉਨ੍ਹਾਂ ਨੂੰ ਡਿਗਰੀਆਂ ਨਹੀਂ ਦਿੱਤੀਆਂ ਜਾਣਗੀਆਂ।


ਇਸ ਸਬੰਧੀ ਅੱਜ ਅਕਾਲੀ ਦਲ ਦੇ ਉੱਚ ਪੱਧਰੀ ਵਫਦ ਵੱਲੋਂ ਗੁਰੂ ਨਾਨਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਨੂੰ ਮੈਮੋਰੰਡਮ ਰਾਹੀਂ ਮੰਗ ਕੀਤੀ ਗਈ ਕਿ ਆਪਣੀ ਪੜ੍ਹਾਈ ਮੁਕੰਮਲ ਕਰ ਚੁੱਕੇ ਦਲਿਤ ਵਿਦਿਆਰਥੀਆਂ ਦੇ ਭਵਿੱਖ ਨੂੰ ਮੁੱਖ ਰੱਖਦਿਆਂ ਡਿਗਰੀਆਂ ਦਿੱਤੀਆਂ ਜਾਣ ਤਾਂ ਜੋ ਉਹ ਅਗਲੇਰੀ ਪੜ੍ਹਾਈ ਜਾਰੀ ਰੱਖ ਸਕਣ ਜਾਂ ਫੇਰ ਕਿਤੇ ਨੌਕਰੀ ਹਾਸਲ ਕਰ ਸਕਣ। ਅਕਾਲੀ ਦਲ ਦੇ ਐਸਸੀ ਵਿੰਗ ਦੇ ਕੌਮੀ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਦੀ ਅਗਵਾਈ ਹੇਠਲੇ ਇਸ ਵਫਦ ਵਿੱਚ ਆਦਮਪੁਰ ਤੋਂ ਅਕਾਲੀ ਵਿਧਾਇਕ ਤੇ ਸੀਨੀਅਰ ਪਾਰਟੀ ਆਗੂ ਪਵਨ ਟੀਨੂੰ ਸਮੇਤ ਅਨੇਕਾਂ ਮੌਜੂਦਾ ਤੇ ਸਾਬਕਾ ਵਿਧਾਕ ਸ਼ਾਮਿਲ ਸਨ।

ਅਕਾਲੀ ਆਗੂਆਂ ਨੇ ਦੱਸਿਆ ਕਿ ਇੱਕ ਪਾਸੇ ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰ ਨੂੰ ਦਲਿਤ ਵਿਦਿਆਰਥੀਆਂ ਦੇ ਵਜੀਫੇ ਲਈ 309 ਕਰੋੜ ਰੁਪਏ ਦੀ ਰਾਸ਼ੀ ਭੇਜੀ ਜਾ ਚੁੱਕੀ ਹੈ ਪਰ ਸੂਬਾ ਸਰਕਾਰ ਇਹ ਰਾਸ਼ੀ ਨੱਪ ਕੇ ਬੈਠੀ ਹੈ। ਅਕਾਲੀ ਆਗੂਆਂ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਇਸ ਫੈਸਲੇ ਨਾਲ ਦਸ ਹਜ਼ਾਰ ਤੋਂ ਵੱਧ ਵਿਦਿਆਰਥੀ ਪ੍ਰਭਾਵਿਤ ਹੋ ਰਹੇ ਹਨ ਪਰ ਅਕਾਲੀ ਦਲ ਇਨ੍ਹਾਂ ਵਿਦਿਆਰਥੀਆਂ ਨੂੰ ਬਣਦਾ ਹੱਕ ਦਵਾਉਣ ਲਈ ਡੱਟ ਕੇ ਸਾਥ ਦੇਵੇਗਾ।