ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੇ ਆਮ ਆਦਮੀ ਪਾਰਟੀ ਦੇ ਗਠਜੋੜ ਦੀਆਂ ਚਰਚਾਵਾਂ ਸਬੰਧੀ ਟਕਸਾਲੀ ਲੀਡਰ ਸੇਵਾ ਸਿੰਘ ਸੇਖਵਾਂ ਨੇ ਕਿਹਾ ਹੈ ਕਿ ਹਾਲੇ ਕਿਸੇ ਪਾਰਟੀ ਨਾਲ ਗਠਜੋੜ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਉਹ ਆਪਣੇ ਹੀ ਦਮ ’ਤੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ।


ਦਰਅਸਲ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਲੀਡਰ ਲੁਧਿਆਣਾ ਵਿੱਚ ਇੱਕ ਬੈਠਕ ਪਿੱਛੋਂ ਪ੍ਰੈੱਸ ਕਾਨਫਰੰਸ ਕਰ ਰਹੇ ਹਨ। ਇਸ ਮੌਕੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਤਜਿੰਦਰ ਸਿੰਘ ਸੰਧੂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ।

ਸੇਖਵਾਂ ਨੇ ਕਿਹਾ ਕਿ ਅਕਾਲੀ ਦਲ (ਬ) ਡੇਰਿਆਂ ਦਾ ਸਹਾਰਾ ਲੈ ਕੇ ਸਿਆਸਤ ਕਰ ਰਿਹਾ ਹੈ। ਉਨ੍ਹਾਂ ਸੁਖਬੀਰ ਬਾਦਲ ਨੂੰ ਨਾਲਾਇਕ ਪੁੱਤਰ ਦੱਸਿਆ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੀ ਵਜ੍ਹਾ ਕਰਕੇ ਹੀ ਅਕਾਲੀ ਦਲ ਤੀਜੇ ਨੰਬਰ ’ਤੇ ਆ ਗਿਆ ਹੈ। ਅਕਾਲੀ ਦਲ (ਬ) ਵੱਲੋਂ ਬੀਬੀ ਜਗੀਰ ਕੌਰ ਨੂੰ ਟਿਕਟ ਦਿੱਤੇ ਜਾਣ ’ਤੇ ਨਿਸ਼ਾਨਾ ਲਾਇਆ। ਉਨ੍ਹਾਂ ਕਿਹਾ ਕਿ ਇੱਕ ਡੇਰੇ ਦੀ ਮੁਖੀ ਤੇ ਆਪਣੀ ਧੀ ਦੀ ਕਾਤਲ ਨੂੰ ਟਿਕਟ ਦੇਣਾ ਅਕਾਲੀ ਦਲ (ਬ) ਲਈ ਸ਼ਰਮ ਵਾਲੀ ਗੱਲ ਹੈ।

ਇਸ ਤੋਂ ਇਲਾਵਾ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਏ ਜਾਣ ਸਬੰਧੀ ਸੇਖਵਾਂ ਨੇ ਕਿਹਾ ਕਿ ਸਿਰਸਾ ਦਿੱਲੀ ਵਿੱਚ ਬੀਜੇਪੀ ਦੇ ਮੌਜੂਦਾ ਵਿਧਾਇਕ ਹਨ ਤੇ ਅਕਾਲੀ ਦਲ (ਬ) ਵੱਲੋਂ ਉਨ੍ਹਾਂ ਨੂੰ ਅਜਿਹੀ ਜ਼ਿੰਮੇਵਾਰੀ ਦੇਣਾ ਸੌਪਣਾ ਦੱਸਦਾ ਹੈ ਕਿ ਉਨ੍ਹਾਂ ਨੂੰ ਕਿਤੇ ਨਾ ਕਿਤੇ ਆਪਣਾ ਡਰ ਸਤਾ ਰਿਹਾ ਹੈ।